ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਕਾਫਿਲੇ ਦੌਰਾਨ ਮਹਿਲਾ ਪੱਤਰਕਾਰ ਦੀ ਕੈਂਟਰ ਹੇਠਾਂ ਆਉਣ ਨਾਲ ਮੌਤ

0
1085

ਪਾਕਿਸਤਾਨ। ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪੀਟੀਆਈ ਵੱਲੋਂ ਲਾਂਗ ਮਾਰਚ ਕੱਢਿਆ ਜਾ ਰਿਹਾ ਸੀ ਤਾਂ ਇਸ ਦੌਰਾਨ ਪਾਕਿਸਤਾਨ ਦੀ ਇੱਕ ਮਹਿਲਾ ਪੱਤਰਕਾਰ ਦੀ ਇੱਕ ਕੈਂਟਰ ਹੇਠਾਂ ਦਰੜਨ ਦੇ ਨਾਲ ਮੌਤ ਹੋ ਗਈ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਚੈਨਲ ਫਾਈਵ ਲਈ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਲਾਂਗ ਮਾਰਚ ਦੀ ਕਵਰੇਜ ਕਰਨ ਲਈ ਗਈ ਪੱਤਰਕਾਰ ਸਦਾਫ਼ ਨਈਮ ਦੀ ਐਤਵਾਰ ਨੂੰ ਗੁਜਰਾਂਵਾਲਾ ਜ਼ਿਲ੍ਹੇ ਦੇ ਸਾਧੋਕੇ ਨੇੜੇ ਇੱਕ ਕੈਂਟਰ ਹੇਠਾਂ ਆ ਜਾਣ ਕਾਰਨ ਮੌਤ ਹੋ ਗਈ। ਚੈਨਲ ਫਾਈਵ ਮੁਤਾਬਕ ਮਹਿਲਾ ਪੱਤਰਕਾਰ ਸਦਾਫ਼ ਨਈਮ ਪੀਟੀਆਈ ਮੁਖੀ ਇਮਰਾਨ ਖਾਨ ਦੇ ਕੰਟੇਨਰ ਤੋਂ ਥੱਲੇ ਡਿੱਗ ਪਈ ਸੀ ਅਤੇ ਇਸ ਤੋਂ ਬਾਅਦ ਉਸ ਨੂੰ ਸੜਕ ਵਿਚਾਲੇ ਹੀ ਇੱਕ ਕੰਟੇਨਰ ਨੇ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ।

ਪਾਕਿਸਤਾਨ ਦੇ ਪ੍ਰਮੁੱਖ ਅਖਬਾਰ ਡਾਨ ਦੇ ਮੁਤਾਬਕ ਮੀਡੀਆ ਨੇ ਜਾਣਕਾਰੀ ਦਿੱਤੀ ਹੈ ਕਿ ਰਿਪੋਰਟਿੰਗ ਦੌਰਾਨ ਨਈਮ ਕੰਟੇਨਰ ਤੋਂ ਡਿੱਗ ਗਈ, ਜਿਸ ਤੋਂ ਬਾਅਦ ਉਸ ਨੂੰ ਇੱਕ ਹੋਰ ਕੈਂਟਰ ਨੇ ਦਰੜ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸ ਹਾਦਸੇ ਦੀ ਪੁਸ਼ਟੀ ਕਰਦੇ ਹੋਏ ਪੀਟੀਆਈ ਆਗੂ ਫਵਾਦ ਚੌਧਰੀ ਨੇ ਜਾਣਕਾਰੀ ਦਿੱਤੀ ਸੀ ਕਿ ਇੱਕ ਮਹਿਲਾ ਮੀਡੀਆ ਪਰਸਨ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਇਸ ਹਾਦਸਾ ਦੀ ਖਬਰ ਮਿਲਣ ਤੋਂ ਬਾਅਦ ਇਮਰਾਨ ਖਾਨ ਘਟਨਾ ਦਾ ਮੁਆਇਨਾ ਕਰਨ ਲਈ ਖੁਦ ਕਾਰ ਤੋਂ ਥੱਲੇ ਉਤਰੇ ਸਨ।

ਇਸ ਹਾਦਸੇ ਤੋਂ ਬਾਅਦ ਪੀਟੀਆਈ ਨੇ ਹਾਦਸੇ ਦੇ ਪੀੜਤਾਂ ਨਾਲ ਇਕਜੁੱਟਤਾ ਅਤੇ ਹਮਦਰਦੀ ਵਜੋਂ ਐਤਵਾਰ ਦੀਆਂ ਗਤੀਵਿਧੀਆਂ ਨੂੰ ਤੁਰੰਤ ਰੱਦ ਕਰ ਦਿੱਤਾ। ਹਾਦਸੇ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਿਪੋਰਟਰ ਦੇ ਪਰਿਵਾਰ ਨਾਲ ਹਮਦਰਦੀ ਜਤਾਈ। ਉਨ੍ਹਾਂ ਸਮਰਥਕਾਂ ਨੂੰ ਇੱਕ ਸੰਖੇਪ ਸੰਬੋਧਨ ਵਿੱਚ ਕਿਹਾ ਕਿ, ‘ਮੈਂ ਬੜੇ ਅਫਸੋਸ ਨਾਲ ਕਹਿ ਰਿਹਾ ਹਾਂ ਕਿ ਅਸੀਂ ਇਸ ਹਾਦਸੇ ਕਾਰਨ ਅੱਜ ਦਾ ਮਾਰਚ ਮੁਲਤਵੀ ਕਰ ਰਹੇ ਹਾਂ। ਅਸੀਂ ਮ੍ਰਿਤਕ ਮਹਿਲਾ ਪੱਤਰਕਾਰ ਦੇ ਪਰਿਵਾਰ ਨੂੰ ਇਸ ਦੁੱਖ ਨਾਲ ਨਜਿੱਠਣ ਲਈ ਪ੍ਰਾਰਥਨਾ ਕਰਦੇ ਹਾਂ।