ਨਵੀਂ ਦਿੱਲੀ/ਚੰਡੀਗੜ੍ਹ/ਮੋਗਾ। ਮਸਕਟ ’ਚ ਫ਼ਸੇ 15 ਪੰਜਾਬੀ ਨੌਜਵਾਨਾਂ ਸਮੇਤ 40 ਤੋਂ ਜ਼ਿਆਦਾ ਭਾਰਤੀ ਨੌਜਵਾਨਾਂ ਨੇ ਵੀਡੀਓ ਭੇਜ ਕੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਦੀ ਗੁਹਾਰ ਲਗਾਈ ਹੈ। ਦਰਅਸਲ ਏਜੰਟਾਂ ਦੇ ਝਾਂਸੇ ਵਿਚ ਆ ਕੇ ਉਹ ਮਸਕਟ ਵਿਚ ਫ਼ਸ ਗਏ ਹਨ। ਨਿਹਾਲ ਸਿੰਘ ਵਾਲਾ ਦੇ ਇਕ ਪੰਜਾਬੀ ਨੌਜਵਾਨ ਨੇ ਵੀਡੀਓ ਬਣਾ ਕੇ ਨਿਹਾਲ ਸਿੰਘ ਵਾਲਾ ਦੇ ਆਮ ਆਦਮੀ ਪਾਰਟੀ ਦੇ ਨੇਤਾ ਰਾਜਪਾਲ ਸਿੰਘ ਨੂੰ ਭੇਜੀ ਹੈ।
ਰਾਜਪਾਲ ਸਿੰਘ ਅਨੁਸਾਰ ਉਨ੍ਹਾਂ ਨੂੰ ਇਕ ਵੀਡੀਓ ਮਿਲੀ ਹੈ, ਜਿਸ ਵਿਚ ਇਕ ਪੰਜਾਬੀ ਨੌਜਵਾਨ ਬੰਦ ਕਮਰੇ ਵਿਚ ਫ਼ਸੇ ਕਈ ਲੋਕਾਂ ਨੂੰ ਵੀਡੀਓ ਵਿਚ ਦਿਖ਼ਾ ਕੇ ਪੰਜਾਬੀ ਵਿਚ ਦੱਸ ਰਿਹਾ ਹੈ ਕਿ ਉਨ੍ਹਾਂ ਨੂੰ ਮਸਕਟ ਵਿਚ ਕਿਤੇ ਬੰਦ ਕੀਤਾ ਹੋਇਆ ਹੈ, ਉਨ੍ਹਾਂ ਨੂੰ ਏਜੰਟਾਂ ਨੇ ਬੰਦ ਕਰ ਕੇ ਰੱਖਿਆ ਹੋਇਆ ਹੈ। ਸਾਡੇ ਪਾਸਪੋਰਟ ਵੀ ਏਜੰਟਾਂ ਕੋਲ ਹੀ ਹਨ। ਵੀਡੀਓ ਅਨੁਸਾਰ ਨੌਜਵਾਨ ਦੱਸ ਰਿਹਾ ਹੈ ਕਿ ਏਜੰਟ ਆਖ ਰਹੇ ਹਨ ਕਿ ਜਦੋਂ ਤੱਕ ਉਨ੍ਹਾਂ ਦੇ ਪੈਸੇ ਨਹੀਂ ਦਿੱਤੇ ਜਾਂਦੇ, ਉਹ ਉਨ੍ਹਾਂ ਨੂੰ ਨਹੀਂ ਛੱਡਣਗੇ ਅਤੇ ਨਾ ਹੀ ਉਨ੍ਹਾਂ ਦੇ ਪਾਸਪੋਰਟ ਵਾਪਿਸ ਕਰਨਗੇ।
ਨੌਜਵਾਨ ਨੇ ਦੱਸਿਆ ਕਿ ਉਸ ਦੇ ਨਾਲ ਪੰਜਾਬ ਦੇ ਕਈ ਨੌਜਵਾਨਾਂ ਤੋਂ ਇਲਾਵਾ ਯੂ. ਪੀ. ਦੇ ਲੋਕ ਵੀ ਸ਼ਾਮਲ ਹਨ। ਉਸ ਨੇ ਬੇਨਤੀ ਕੀਤੀ ਹੈ ਕਿ ਉਸ ਦੀ ਇਹ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਪਹੁੰਚਾ ਦਿੱਤੀ ਜਾਵੇ ਅਤੇ ਜਲਦ ਤੋਂ ਜਲਦ ਉਨ੍ਹਾਂ ਨੂੰ ਕੈਦ ਵਿਚੋਂ ਛੁਡਵਾਇਆ ਜਾਵੇ।
‘ਆਪ’ ਨੇਤਾ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ ਪਹਿਲਾਂ ਵਿਜ਼ਿਟਰ ਵੀਜ਼ਾ ’ਤੇ ਮਸਕਟ ਲਿਜਾਇਆ ਗਿਆ ਅਤੇ ਫਿਰ ਵਰਕ ਪਰਮਟ ਦੇਣ ਦਾ ਭਰੋਸਾ ਦਿੱਤਾ ਗਿਆ ਸੀ, ਪਰ ਉੱਥੇ ਪਹੁੰਚ ਕੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਕੋਲ ਵਰਕ ਪਰਮਿਟ ਨਹੀਂ ਹੈ, ਉਨ੍ਹਾਂ ਕੋਲ ਵਿਜ਼ਿਟਰ ਵੀਜ਼ਾ ਹੈ ਜਦੋਂ ਤੱਕ ਉਨ੍ਹਾਂ ਨੂੰ ਵਰਕ ਪਰਮਿਟ ਨਹੀਂ ਮਿਲ ਜਾਂਦਾ, ਉਨ੍ਹਾਂ ਨੂੰ ਕੰਮ ’ਤੇ ਨਹੀਂ ਰੱਖਿਆ ਜਾਵੇਗਾ। ਇਸ ਕੰਮ ਲਈ ਉਨ੍ਹਾਂ ਕੋਲੋਂ ਇੱਕ-ਇੱਕ ਲੱਖ ਰੁਪਏ ਦੀ ਹੋਰ ਮੰਗ ਕੀਤੀ ਜਾ ਰਹੀ ਹੈ। ਪਰੇਸ਼ਾਨ ਹੋਏ ਨੌਜਵਾਨ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਹੋਰ ਪੈਸੇ ਨਹੀਂ ਹਨ, ਉਹ ਬੁਰੀ ਤਰ੍ਰਾਂ ਨਾਲ ਫ਼ਸ ਚੁੱਕੇ ਹਨ, ਕ੍ਰਿਪਾ ਕਰ ਕੇ ਉਨ੍ਹਾਂ ਦੀ ਮਦਦ ਕੀਤੀ ਜਾਵੇ।