ਪਾਕਿਸਤਾਨ ਦੀ ਜੇਲ ‘ਚ 13 ਸਾਲ ਸਜ਼ਾ ਕੱਟ ਕੇ ਘਰ ਪਹੁੰਚੇ ਜਾਸੂਸ ਮਹਿੰਦਰ, ਪੜ੍ਹੋਂ ਕੀ-ਕੀ ਮਿਲੇ ਤਸੀਹੇ

0
889

ਅੰਮ੍ਰਿਤਸਰ/ਗੁਰਦਾਸਪੁਰ/ਤਰਨਤਾਰਨ| ਪਾਕਿਸਤਾਨ ਦੀ ਜੇਲ ਵਿੱਚ ਜਾਸੂਸੀ ਦੇ ਕੇਸ ਨੂੰ ਲੈ ਕੇ 13 ਸਾਲ ਦੀ ਸਜ਼ਾ ਕੱਟ ਕੇ 15 ਅਕਤੂਬਰ ਨੂੰ ਮਹਿੰਦਰ ਉਰਫ ਰਾਜਾ ਵਾਪਿਸ ਆਪਣੇ ਪਰਿਵਾਰ ਵਿੱਚ ਪਹੁੰਚਿਆ। ਮਹਿੰਦਰ ਬਟਾਲਾ ਨਜ਼ਦੀਕੀ ਥਾਣਾ ਧਾਰੀਵਾਲ ਦੇ ਅਧੀਨ ਪੈਂਦੇ ਪਿੰਡ ਡਡਵਾਂ ਦਾ ਰਹਿਣ ਵਾਲਾ ਹੈ। ਪਹਿਲੀ ਹੀ ਨਜ਼ਰ ‘ਚ ਦੇਖਣ ਨੂੰ ਮੁਸਲਮਾਨ ਲਗਦਾ ਹੈ।13 ਸਾਲ ਪਾਕਿਸਤਾਨ ਦੀ ਜੇਲਾਂ ਵਿਚ ਰਹਿਣ ਕਰ ਕੇ ਵੇਸ਼ ਭੂਸ਼ਾ ਵੀ ਪਾਕਿਸਤਾਨੀ ਹੋ ਚੁੱਕੀ ਹੈ। 14 ਅਕਤੂਬਰ ਨੂੰ ਪਾਕਿਸਤਾਨ ਤੋਂ ਵਾਹਗਾ ਸਰਹੱਦ ਰਾਹੀਂ ਅੰਮ੍ਰਿਤਸਰ ਪਹੁੰਚਿਆ ਅਤੇ 15 ਅਕਤੂਬਰ ਨੂੰ ਸੂਚਨਾ ਮਿਲਣ ‘ਤੇ ਬੇਟਾ ਅਤੇ ਜਵਾਈ ਅੰਮ੍ਰਿਤਸਰ ਲੈਣ ਪਹੁੰਚੇ।

ਮਹਿੰਦਰ ਨੇ ਦੱਸਿਆ ਕਿ 2008 ਦੇ ਵਿੱਚ ਭਾਰਤੀ ਖੂਫੀਆ ਏਜੰਸੀ ਦੇ ਕਹਿਣ ‘ਤੇ ਚੱਕ ਅਮਰੂ ਜੰਮੂ ਦੇ ਰਸਤੇ ਸਰਹੱਦ ਪਾਰ ਕਰ ਕੇ ਪਾਕਿਸਤਾਨ ਗਿਆ ਪਰ ਸਰਹੱਦ ਪਾਰ ਕਰਦੇ ਹੀ ਉਹ ਪਾਕਿਸਤਾਨੀ ਆਰਮੀ ਦੇ ਕਾਬੂ ਆ ਗਿਆ, ਜਿਥੇ ਇਕ ਸਾਲ ਉਸ ਨੂੰ ਪੁੱਛਗਿੱਛ ਕਰਦੇ ਰਹੇ, ਉਸ ਤੋਂ ਬਾਅਦ ਤਿੰਨ ਸਾਲ ਲਈ ਸਿਆਲਕੋਟ ਜੇਲ ਵਿੱਚ ਰੱਖਿਆ ਗਿਆ। ਉਥੇ ਉਸ ਨੂੰ ਪੁੱਛਗਿੱਛ ਦੌਰਾਨ ਤਸੀਹੇ ਦਿੰਦਿਆਂ ਕੁੱਟਮਾਰ ਕਰਦੇ ਰਹੇ ਉਸ ਤੋਂ ਬਾਅਦ ਉਸ ਉਤੇ ਕੇਸ ਚੱਲਿਆ ਅਤੇ ਉਸ ਨੂੰ 10 ਸਾਲ ਦੀ ਕੈਦ ਹੋ ਗਈ। ਕੈਦ ਹੋਣ ਤੋਂ ਬਾਅਦ ਮਹਿੰਦਰ ਨੂੰ ਲਾਹੌਰ ਜੇਲ ਕੌਟ ਲੱਖਪਤ ਵਿੱਚ ਰੱਖਿਆ ਗਿਆ। ਉਥੇ ਪਾਕਿਸਤਾਨੀ ਕੈਦੀ ਭਾਰਤੀ ਕੈਦੀਆਂ ਨਾਲ ਵੈਰ ਵਿਰੋਧਤਾ ਰੱਖਦੇ ਹਨ ਪਰ ਜੇਲ ਦੇ ਚੰਗੇ ਅਫਸਰ ਪਾਕਿਸਤਾਨੀ ਕੈਦੀਆਂ ਤੋਂ ਬਚਾ ਕੇ ਰੱਖਦੇ ਹਨ। ਖਾਣ ਪੀਣ ਨੂੰ ਵਧੀਆ ਦਿੱਤਾ ਜਾਂਦਾ ਹੈ। ਜੇਲ ਵਿੱਚ ਉਸ ਦੇ ਨਾਲ 18 ਤੋਂ 20 ਭਾਰਤੀ ਕੈਦੀ ਕੈਦ ਸਨ ਅਤੇ ਹੁਣ ਉਸ ਦੀ ਸਜ਼ਾ ਪੂਰੀ ਹੋਣ ਤੇ ਉਸ ਨੂੰ ਪਾਕਿਸਤਾਨੀ ਅਧਿਕਾਰੀਆਂ ਨੇ ਵਾਹਗਾ ਬਾਰਡਰ ਰਾਹੀਂ ਭਾਰਤੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ।

ਮਹਿੰਦਰ ਨੇ ਦੱਸਿਆ ਕਿ ਜੇਲ ਵਿੱਚ ਰਹਿ ਕੇ ਦਿਮਾਗੀ ਪ੍ਰੇਸ਼ਾਨੀ ਬਹੁਤ ਰਹਿੰਦੀ ਹੈ। ਉਸ ਨੇ ਜਿਊਂਦਾ ਵਾਪਿਸ ਆਉਣ ਦੀ ਉਮੀਦ ਛੱਡ ਦਿੱਤੀ ਸੀ। ਪਹਿਲਾਂ ਵੀ ਉਹ ਭਾਰਤੀ ਖੂਫੀਆ ਏਜੰਸੀਆਂ ਦੇ ਕਹਿਣ ਤੇ ਪਾਕਿਸਤਾਨ ਗਿਆ ਸੀ ਪਰ ਉਸ ਸਮੇਂ ਵਾਪਿਸ ਆ ਗਿਆ ਸੀ ਪਰ ਜਦੋਂ 2008 ਵਿੱਚ ਦੁਬਾਰਾ ਗਿਆ ਤਾਂ ਉਥੇ ਕਾਬੂ ਆ ਗਿਆ। ਮਹਿੰਦਰ ਨੇ ਦੱਸਿਆ ਕਿ ਦਿਮਾਗੀ ਪ੍ਰੇਸ਼ਾਨੀ ਕਾਰਨ ਉਹ ਆਪਣੇ ਬੱਚਿਆਂ ਅਤੇ ਪਤਨੀ ਦੇ ਚਿਹਰੇ ਵੀ ਭੁੱਲ ਗਿਆ ਸੀ। ਉਸ ਨੇ ਸਰਕਾਰ ਅੱਗੇ ਅਪੀਲ ਕੀਤੀ ਕਿ ਉਹ ਦੇਸ਼ ਦੀ ਖ਼ਾਤਿਰ ਪਾਕਿਸਤਾਨ ਗਿਆ ਪਰ ਭਾਰਤ ਸਰਕਾਰ ਅਤੇ ਭਾਰਤੀ ਖੂਫੀਆ ਏਜੰਸੀਆਂ ਨੇ ਉਸ ਤੋਂ ਬਾਅਦ ਅਤੇ ਨਾ ਹੁਣ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਸਾਰ ਲਈ। ਉਸ ਨੇ ਕਿਹਾ ਕਿ ਉਸ ਨੇ ਵੀ ਦੇਸ਼ ਖਾਤਿਰ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਬਰਬਾਦ ਕੀਤੇ ਹਨ। ਭਾਰਤ ਸਰਕਾਰ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਮਾਲੀ ਮਦਦ ਕਰੇ ।

ਮਹਿੰਦਰ ਦੀ ਪਤਨੀ ਬੇਵੀ ਨੇ ਦੱਸਿਆ ਕਿ ਮਹਿੰਦਰ ਜਦੋ ਵੀ ਜਾਂਦਾ ਕਹਿ ਕੇ ਜਾਂਦਾ ਕੇ ਦੇਸ਼ ਦੀ ਖ਼ਾਤਿਰ ਦੇਸ਼ ਦੇ ਕੰਮ ਚਲਿਆ ਹਾਂ ਪਰ 2008 ਵਿੱਚ ਐਸਾ ਗਿਆ ਮੁੜ 14 ਸਾਲ ਵਾਪਿਸ ਆਇਆ। ਅਸੀਂ ਮਹਿੰਦਰ ਦੇ ਜਿਊਂਦੇ ਹੋਣ ਦੀ ਉਮੀਦ ਵੀ ਛੱਡ ਦਿੱਤੀ ਸੀ। ਚਾਰ ਲੜਕੀਆਂ ਅਤੇ 2 ਬੇਟਿਆਂ ਨੂੰ ਉਸ ਨੇ ਲੋਕਾਂ ਦੇ ਘਰਾਂ ਵਿਚ ਕੰਮ ਕਰ ਕਰ ਕੇ ਪਾਲਿਆ ਅਤੇ ਜਵਾਨ ਕੀਤਾ। ਬੱਚਿਆਂ ਨੂੰ ਇਕੱਲੇ ਹੀ ਵਿਆਹਿਆ । ਹੁਣ ਜਦੋਂ 14 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਫੋਨ ਤੇ ਸੂਚਨਾ ਮਿਲੀ ਕਿ ਕੋਈ ਪਾਕਿਸਤਾਨ ਵਲੋਂ ਵਾਹਗੇ ਸਰਹੱਦ ਰਾਹੀਂ ਵਾਪਸ ਭਾਰਤ ਆਇਆ ਹੈ ਤਾਂ ਜਾ ਕੇ ਦੇਖਿਆ ਤਾਂ ਉਹ ਮਹਿੰਦਰ ਸੀ। ਪਤਨੀ ਨੇ ਅੱਗੇ ਕਿਹਾ ਕਿ ਮਹਿੰਦਰ ਦੇ ਜਾਣ ਤੋਂ ਬਾਅਦ ਸਾਡੀ ਕਿਸੇ ਨੇ ਕੋਈ ਸਾਰ ਨਹੀਂ ਲਈ। ਮਹਿੰਦਰ ਵਾਪਸ ਤਾਂ ਆ ਗਿਆ ਹੈ ਪਰ ਉਥੇ ਝਲੇ ਤਸੀਹਿਆਂ ਦਾ ਅਸਰ ਅਜੇ ਵੀ ਮਹਿੰਦਰ ਦੇ ਦਿਮਾਗ ਉਤੇ ਹਾਵੀ ਹੈ।