ਅੰਮ੍ਰਿਤਸਰ। ਥਾਣਾ ਅਜਨਾਲਾ ਦੇ ਪਿੰਡ ਦੀ ਰਹਿਣ ਵਾਲੀ 35 ਸਾਲਾ ਔਰਤ ਨੇ ਆਪਣੇ ਸਾਬਕਾ ਪ੍ਰੇਮੀ ਤੋਂ ਦੁੱਖੀ ਹੋ ਕੇ ਜ਼ਹਿਰ ਖਾ ਕੇ ਆਤਮ ਹਤਿਆ ਕਰ ਲਈ। ਐਸ.ਆਈ. ਅਮਰਜੀਤ ਸਿੰਘ ਨੇ ਦੱਸਿਆ ਕਿ ਗੁਰਨਾਮ ਸਿੰਘ ਨਾਮੀ ਨੌਜਵਾਨ ਖ਼ਿਲਾਫ਼ ਖ਼ੁਦਕੁਸ਼ੀ ਲਈ ਉਕਸਾਉਣ ਦਾ ਕੇਸ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲਾਸ਼ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ।
ਪਿੰਡ ਬਲੜਵਾਲ ਵਾਸੀ ਕਸ਼ਮੀਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਿਆਂ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨਾਲ ਰਹਿੰਦਾ ਹੈ। ਉਸ ਦੀ ਪਤਨੀ ਦੇ ਕੁਝ ਸਾਲ ਪਹਿਲਾਂ ਇਸੇ ਪਿੰਡ ਦੇ ਗੁਰਨਾਮ ਸਿੰਘ ਨਾਲ ਪ੍ਰੇਮ ਸਬੰਧ ਬਣ ਗਏ ਸਨ। ਉਸ ਨੂੰ ਪਤਾ ਲੱਗਣ ‘ਤੇ ਉਸ ਨੇ ਆਪਣੀ ਪਤਨੀ ਨੂੰ ਸਮਝਾਇਆ ਅਤੇ ਬੱਚਿਆਂ ਦਾ ਵਾਸਤਾ ਵੀ ਪਾਇਆ, ਜਿਸ ਤੋਂ ਬਾਅਦ ਉਸ ਦੀ ਪਤਨੀ ਨੇ ਗੁਰਨਾਮ ਨੂੰ ਮਿਲਣਾ ਬੰਦ ਕਰ ਦਿੱਤਾ।
ਕਸ਼ਮੀਰ ਸਿੰਘ ਨੇ ਦੋਸ਼ ਲਾਇਆ ਕਿ ਗੁਰਨਾਮ ਪਿਛਲੇ ਤਿੰਨ ਮਹੀਨਿਆਂ ਤੋਂ ਉਸ ਦੀ ਪਤਨੀ ਨੂੰ ਦੁਬਾਰਾ ਮਿਲਣ ਅਤੇ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰ ਰਿਹਾ ਸੀ। ਇਸ ਸਬੰਧੀ ਉਸ ਨੇ ਮੇਰੇ (ਪਤੀ) ਨਾਲ ਗੱਲ ਵੀ ਕੀਤੀ ਸੀ। ਪਿੰਡ ਦੇ ਲੋਕਾਂ ਨੇ ਵੀ ਜਾ ਕੇ ਗੁਰਨਾਮ ਨੂੰ ਸਮਝਾਇਆ ਪਰ ਉਹ ਨਾ ਮੰਨਿਆ। ਉਸ ਦੀ ਪਤਨੀ ਨੇ ਸ਼ਨੀਵਾਰ ਨੂੰ ਗੁਰਨਾਮ ਤੋਂ ਦੁਖੀ ਹੋ ਕੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮ ਹੱਤਿਆ ਕਰ ਲਈ। ਕਸ਼ਮੀਰ ਸਿੰਘ ਨੇ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕੀਤੀ ਹੈ।






































