ਲੁਧਿਆਣਾ : ਮੰਨਤਾਂ ਕਰ ਕੇ ਮਾਂ ਨੇ ਮੰਗੀ ਸੀ ਪੁੱਤ ਦੀ ਦਾਤ, ਕਰੰਟ ਲੱਗਣ ਨਾਲ ਹੋਈ ਦਰਦਨਾਕ ਮੌਤ

0
479

  ਲੁਧਿਆਣਾ| ਪਿੰਡ ਸ਼ੇਰਪੁਰ ਖੁਰਦ ਵਿਖੇ ਇਕ 9 ਸਾਲਾ ਮਾਸੂਮ ਦੀ ਫਰਿੱਜ ਤੋਂ ਕਰੰਟ ਲੱਗਣ ਨਾਲ ਦਰਦਨਾਕ ਮੌਤ ਹੋ ਗਈ, ਜਿਸ ਕਾਰਨ ਪਰਿਵਾਰ ਡੂੰਘੇ ਸਦਮੇਂ ’ਚ ਹੈ। ਜਾਣਕਾਰੀ ਅਨੁਸਾਰ ਮਾਸੂਮ ਗੁਰਨੂਰ (9) ਆਪਣੀਆਂ ਭੈਣਾਂ ਅਤੇ ਦੋਸਤਾਂ ਨਾਲ ਖੇਡ ਰਿਹਾ ਸੀ। ਖੇਡਦੇ ਹੋਏ ਉਹ ਕਮਰੇ ਅੰਦਰ ਰੱਖੇ ਫਰਿੱਜ ਪਿੱਛੇ ਲੁੱਕ ਗਿਆ। ਫਰਿੱਜ ਨਾਲ ਲੱਗਦਿਆਂ ਸਾਰ ਹੀ ਉਸ ਨੂੰ ਕਰੰਟ ਲੱਗਾ ਅਤੇ ਉਹ ਉੱਥੇ ਹੀ ਡਿੱਗ ਗਿਆ। ਜਦੋਂ ਕਾਫ਼ੀ ਦੇਰ ਤੱਕ ਗੁਰਨੂਰ ਨਹੀਂ ਲੱਭਿਆ ਤਾਂ ਭੈਣਾਂ ਤੇ ਮਿੱਤਰ ਉਸ ਨੂੰ ਲੱਭਣ ਲੱਗ ਪਏ। ਲੱਭਦੇ ਹੋਏ ਜਦੋਂ ਉਨ੍ਹਾਂ ਦੀ ਨਜ਼ਰ ਫਰਿੱਜ ਪਿੱਛੇ ਪਈ ਤਾਂ ਗੁਰਨੂਰ ਨੂੰ ਡਿੱਗਿਆ ਦੇਖ ਉਨ੍ਹਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਰੌਲਾ ਸੁਣ ਕੇ ਬਾਹਰ ਚੌਂਤਰੇ ‘ਤੇ ਬੈਠੇ ਲੋਕ ਤੇ ਦੁਕਾਨਦਾਰ ਦੌੜੇ ਆਏ। ਉਨ੍ਹਾਂ ਗੁਰਨੂਰ ਨੂੰ ਚੁੱਕਿਆ ਤੇ ਨੇੜੇ ਦੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਗੁਰਨੂਰ ਦੀ ਮਾਂ ਮਨਦੀਪ ਕੌਰ ਕਿਧਰੇ ਨੌਕਰੀ ਕਰਦੀ ਹੈ, ਜਿਸ ਕਾਰਨ ਉਹ ਘਰ ਨਹੀਂ ਸੀ, ਹਾਦਸੇ ਦਾ ਜਿਵੇਂ ਹੀ ਉਸ ਨੂੰ ਪਤਾ ਲਗਾ ਤਾਂ ਉਹ ਦੌੜਦੀ ਘਰ ਆਈ ਅਤੇ ਘਰ ਪੁੱਜ ਕੇ ਆਪਣੇ ਲਾਲ ਦੀ ਲਾਸ਼ ਦੇਖ ਕੇ ਭੁੱਬਾਂ ਮਾਰ ਕੇ ਲਾਸ਼ ਨੂੰ ਗਲ ਲਾ ਕੇ ਰੋਣ ਲੱਗ ਪਈ। ਮਾਂ ਰੋ-ਰੋ ਕੇ ਕਹਿੰਦੀ ਸੁਣੀ ਗਈ ਕਿ ਮੇਰੇ ਲਾਲ ਹਾਲੇ ਤਾਂ ਤੇਰੀਆਂ ਮੰਨਤਾਂ ਵੀ ਪੂਰੀਆਂ ਨਹੀਂ ਹੋਈਆਂ ਤੇ ਤੂੰ ਮੈਨੂੰ ਇਕੱਲਿਆ ਛੱਡ ਕੇ ਤੁਰ ਗਿਆ, ਤੂੰ ਹੀ ਤਾਂ ਸਾਡੀ ਉਮੀਦ ਸੀ, ਕੀ ਬਣੂੰਗਾ ਸਾਡਾ ਸਾਈਂ। ਪਿੰਡ ਵਾਲਿਆਂ ਨੇ ਕਿਹਾ ਕਿ ਕੋਰੋਨਾ ਦੌਰਾਨ ਗੁਰਨੂਰ ਦੇ ਪਿਤਾ ਦੀ ਮੌਤ ਹੋ ਗਈ ਸੀ, ਸਾਰੀ ਜ਼ਿੰਮੇਵਾਰੀ ਮਨਦੀਪ ‘ਤੇ ਆ ਗਈ ਸੀ। ਉਨ੍ਹਾਂ ਕਿਹਾ ਕਿ ਗੁਰਨੂਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮਾਂ ਨੇ ਪਤਾ ਨਹੀਂ ਕਿੱਥੇ-ਕਿੱਥੇ ਨੱਕ ਰਗੜ ਕੇ ਮੰਨਤਾਂ ਮੰਗ ਕੇ ਉਸ ਨੂੰ ਪਾਇਆ ਸੀ।