ਸਕੂਲ ਦਾ ਗੇਟ ਬੰਦ ਕਰ ਕੇ ਜ਼ਬਰਦਸਤੀ ਲਾਈ 150 ਬੱਚਿਆਂ ਨੂੰ ਵੈਕਸੀਨ, 50 ਦੀ ਸਿਹਤ ਵਿਗੜੀ

0
430
school

ਉਤਰ ਪ੍ਰਦੇਸ਼। ਅਲੀਗੜ੍ਹ ਵਿਚ ਸਿਹਤ ਵਿਭਾਗ ਅਤੇ ਸਕੂਲ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਸਰਕਾਰੀ ਸਕੂਲ ਵਿੱਚ ਪੜ੍ਹਦੇ 150 ਦੇ ਕਰੀਬ ਬੱਚਿਆਂ ਦਾ ਸਕੂਲ ਦਾ ਗੇਟ ਬੰਦ ਕਰ ਕੇ ਜ਼ਬਰਦਸਤੀ ਟੀਕਾਕਰਨ ਕਰਵਾਇਆ ਗਿਆ, ਜਿਸ ਤੋਂ ਬਾਅਦ 50 ਤੋਂ ਵੱਧ ਬੱਚਿਆਂ ਦੀ ਸਿਹਤ ਵਿਗੜ ਗਈ, ਜਿਨ੍ਹਾਂ ਨੂੰ ਤੁਰੰਤ ਸਥਾਨਕ ਸੀ. ਐਸ. ਸੀ. ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਮਾਮਲਾ ਅਲੀਗੜ੍ਹ ਦੇ ਥਾਣਾ ਦਾਦੋਂ ਇਲਾਕੇ ਦੇ ਨਾਈ ਕੇ ਨਗਲਾ ਪ੍ਰਾਇਮਰੀ ਸਕੂਲ ਦਾ ਹੈ।

ਬੱਚਿਆਂ ਦਾ ਦੋਸ਼ ਹੈ ਕਿ ਸਕੂਲ ਦੇ ਅਧਿਆਪਕਾਂ ਨੇ ਉਨ੍ਹਾਂ ਨੂੰ ਜ਼ਬਰਦਸਤੀ ਕਮਰੇ ਵਿੱਚ ਬੰਦ ਕਰ ਕੇ ਕੁੱਟਮਾਰ ਕੀਤੀ। ਉਸ ਤੋਂ ਬਾਅਦ ਖੁਰਾਕ ਦਿੱਤੀ ਗਈ। ਖੁਰਾਕ ਲੈਣ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਉਲਟੀਆਂ ਦਸਤ ਅਤੇ ਤੇਜ਼ ਬੁਖਾਰ ਹੋਣ ਲੱਗਾ।

ਦੂਜੇ ਪਾਸੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਬਾਰੇ ਨਾ ਤਾਂ ਕੋਈ ਜਾਣਕਾਰੀ ਦਿੱਤੀ ਗਈ ਅਤੇ ਨਾ ਹੀ ਡਾਕਟਰ ਨੇ ਇਸ ਬਾਰੇ ਦੱਸਿਆ।

ਪ੍ਰਗਤੀਸ਼ੀਲ ਸਮਾਜਵਾਦੀ ਪਾਰਟੀ ਦੇ ਜ਼ਿਲਾ ਪ੍ਰਧਾਨ ਰਾਮ ਅਵਤਾਰ ਯਾਦਵ ਨੇ ਦੱਸਿਆ ਕਿ ਇਹ ਵੱਡੀ ਲਾਪ੍ਰਵਾਹੀ ਸਕੂਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਹੈ। ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਦਾ ਨੋਟਿਸ ਲੈਂਦਿਆਂ ਇਨ੍ਹਾਂ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ।

ਕਮਿਊਨਿਟੀ ਹੈਲਥ ਸੈਂਟਰ ਦੇ ਮੈਡੀਕਲ ਸੁਪਰਡੈਂਟ ਡਾ.ਅਵਨੇਂਦਰ ਯਾਦਵ ਨੇ ਦੱਸਿਆ ਕਿ ਬੂਸਟਰ ਮੁਹਿੰਮ ਚੱਲ ਰਹੀ ਹੈ। ਇਸ ਦੇ ਤਹਿਤ ਟੀ.ਡੀ. ਤੇ ਡੀ.ਪੀ.ਡੀ. ਦੇ ਟੀਕੇ ਲਗਾਏ ਜਾ ਰਹੇ ਹਨ। ਡੀ.ਪੀ.ਡੀ. ਵੈਕਸੀਨ ਤੋਂ ਬਾਅਦ ਜ਼ਿਆਦਾਤਰ ਬੁਖਾਰ ਆਉਂਦਾ ਹੈ, ਇਸ ਲਈ ਬੱਚਿਆਂ ਵਿੱਚ ਬੁਖਾਰ ਦੀ ਸ਼ਿਕਾਇਤ ਹੋਵੇਗੀ। ਸਕੂਲ ‘ਚ ਬੱਚਿਆਂ ਨੂੰ ਡੋਜ਼ ਦਿੱਤੀ ਗਈ, ਜਿਸ ‘ਚੋਂ 50 ਦੇ ਕਰੀਬ ਬੱਚਿਆਂ ਨੂੰ ਬੁਖਾਰ, ਉਲਟੀਆਂ ਦੀ ਸ਼ਿਕਾਇਤ ਆਈ, ਜਿਨ੍ਹਾਂ ਨੂੰ ਸੀ.ਐੱਸ.ਸੀ. ‘ਚ ਦਾਖਲ ਕਰਵਾਇਆ ਗਿਆ ਹੈ, ਸਾਰੇ ਬੱਚੇ ਖਤਰੇ ਤੋਂ ਬਾਹਰ ਹਨ।