ਵਿਆਹੁਤਾ ਪ੍ਰੇਮਿਕਾ ਨੇ ਪ੍ਰੇਮੀ ਦੀ ਥੱਪੜ ਮਾਰ ਕੇ ਕੀਤੀ ਬੇਇਜ਼ਤੀ ਤਾਂ ਨੌਜਵਾਨ ਨੇ ਜ਼ਹਿਰ ਖਾ ਕੇ ਦਿੱਤੀ ਜਾਨ

0
670

ਮਾਛੀਵਾੜਾ ਸਾਹਿਬ। ਨੇੜਲੇ ਪਿੰਡ ਰਾਣਵਾਂ ਵਿਖੇ ਨੌਜਵਾਨ ਗੁਰਦੀਪ ਸਿੰਘ (30) ਨੇ ਜ਼ਹਿਰ ਖਾ ਕੇ ਜਾਨ ਦੇ ਦਿੱਤੀ। ਇਸ ਮਾਮਲੇ ਵਿਚ ਮਰਨ ਲਈ ਮਜਬੂਰ ਕਰਨ ਦੇ ਕਥਿਤ ਦੋਸ਼ ਹੇਠ ਪਿੰਡ ਦੀ ਵਾਸੀ ਰਾਜਵਿੰਦਰ ਕੌਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮ੍ਰਿਤਕ ਦੇ ਪਿਤਾ ਨਛੱਤਰ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਲੜਕਾ ਗੁਰਦੀਪ ਸਿੰਘ ਜੋ ਕਿ ਦੁਬਈ ਵਿਖੇ ਰੋਜ਼ਗਾਰ ਕਰਦਾ ਸੀ ਅਤੇ ਕਰੀਬ ਢਾਈ ਸਾਲ ਪਹਿਲਾਂ ਹੀ ਉਹ ਵਾਪਸ ਆਇਆ ਸੀ।
ਬਿਆਨਕਰਤਾ ਅਨੁਸਾਰ ਜਦੋਂ ਗੁਰਦੀਪ ਸਿੰਘ ਵਿਦੇਸ਼ ਰਹਿੰਦਾ ਸੀ ਤਾਂ ਉਹ ਆਪਣੀ ਕਮਾਈ ਦੇ ਪੈਸੇ ਪਿੰਡ ਵਿਚ ਰਹਿੰਦੀ ਰਾਜਵਿੰਦਰ ਕੌਰ ਨੂੰ ਭੇਜਦਾ ਸੀ, ਕਿਉਂਕਿ ਉਨ੍ਹਾਂ ਦੇ ਆਪਸ ਵਿਚ ਸੰਬੰਧ ਸਨ। ਉਸਦੇ ਲੜਕੇ ਨੇ ਕਰੀਬ 1.20 ਲੱਖ ਰੁਪਏ ਰਾਜਵਿੰਦਰ ਕੌਰ ਨੂੰ ਦਿੱਤੇ ਸਨ ਅਤੇ ਜਦੋਂ ਹੁਣ ਉਹ ਉਸ ਕੋਲੋਂ ਪੈਸੇ ਵਾਪਸ ਮੰਗ ਰਿਹਾ ਸੀ ਤਾਂ ਉਸ ਨਾਲ ਉਹ ਲੜਾਈ-ਝਗੜਾ ਕਰਦੀ ਸੀ। ਬੀਤੀ 28 ਸਤੰਬਰ ਨੂੰ ਕਰੀਬ 8 ਵਜੇ ਮੇਰਾ ਲੜਕਾ ਰਾਜਵਿੰਦਰ ਕੌਰ ਦੇ ਘਰ ਪੈਸੇ ਮੰਗਣ ਗਿਆ ਸੀ ਤਾਂ ਕੁਝ ਚਿਰ ਬਾਅਦ ਹੀ ਇਹ ਔਰਤ ਸਾਡੇ ਘਰ ਆਈ ਤਾਂ ਉਸਨੇ ਗੁਰਦੀਪ ਸਿੰਘ ਨੂੰ ਗਲ਼ ਤੋਂ ਫੜ ਕੇ ਉਸਦੇ ਚਪੇੜਾਂ ਮਾਰੀਆਂ ਤੇ ਗਾਲੀ-ਗਲੋਚ ਕਰਦਿਆਂ ਕਿਹਾ ਕਿ ਮੈਂ ਤੇਰਾ ਕੋਈ ਪੈਸਾ ਨਹੀਂ ਦੇਣਾ।
ਇਸ ਘਟਨਾ ਤੋਂ ਬਾਅਦ ਉਸਦਾ ਲੜਕਾ ਗੁਰਦੀਪ ਸਿੰਘ ਰੌਂਦਾ ਰਿਹਾ ਅਤੇ ਕਿਹਾ ਕਿ ਮੇਰੀ ਬਹੁਤ ਬੇਇਜ਼ਤੀ ਹੋ ਗਈ ਤੇ ਮੈਂ ਮਰ ਜਾਣਾ। ਬਿਆਨਕਰਤਾ ਅਨੁਸਾਰ ਸ਼ਾਮ ਨੂੰ ਉਸਦੇ ਲੜਕੇ ਗੁਰਦੀਪ ਸਿੰਘ ਨੇ ਕੋਈ ਜ਼ਹਿਰੀਲੀ ਦਵਾ ਪੀ ਲਈ ਅਤੇ ਉਲਟੀਆਂ ਕਰਨ ਲੱਗ ਪਿਆ, ਜਿਸ ਦੀ ਹਾਲਾਤ ਖਰਾਬ ਹੁੰਦੀ ਦੇਖ ਉਸਨੂੰ ਲੁਧਿਆਣਾ ਸੀਐੱਮਸੀ ਹਸਪਤਾਲ ਵਿਖੇ ਦਾਖਲ ਕਰਵਾਇਆ, ਜਿੱਥੇ ਉਸਦੀ ਮੌਤ ਹੋ ਗਈ। ਮਾਛੀਵਾੜਾ ਪੁਲਸ ਵਲੋਂ ਮ੍ਰਿਤਕ ਗੁਰਦੀਪ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਾਜਵਿੰਦਰ ਕੌਰ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।