ਜਲੰਧਰ। ਟਰੈਫਿਕ ਨਿਯਮਾਂ ਨੂੰ ਲੈ ਕੇ ਜਲੰਧਰ ਪੁਲਸ ਕਾਫੀ ਸਖਤ ਹੋ ਗਈ ਹੈ। ਬੀਤੇ ਦਿਨ ਹੀ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਵੱਲੋਂ ਜਲੰਧਰ ਦੇ ਕੰਪਨੀ ਬਾਗ ਚੌਕ ‘ਤੇ ਨਾਕਾਬੰਦੀ ਕਰ ਦਿੱਤੀ ਗਈ। ਇਸ ਦੌਰਾਨ ਜਦੋਂ ਮੁਲਾਜ਼ਮਾਂ ਨੇ ਮੋਟਰਸਾਈਕਲ ‘ਤੇ ਸਵਾਰ ਤਿੰਨ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚਲਾਨ ਤੋਂ ਬਚਣ ਲਈ ਉਨ੍ਹਾਂ ਨੇ ਡਿਊਟੀ ‘ਤੇ ਤਾਇਨਾਤ ਏ.ਐੱਸ.ਆਈ. ਨੂੰ ਟੱਕਰ ਮਾਰ ਦਿੱਤੀ।
ਨਾਕੇ ‘ਤੇ ਮੌਜੂਦ ਇੰਚਾਰਜ ਸਤਨਾਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੇ ਹੱਥ ਤੇ ਪੈਰ ‘ਤੇ ਸੱਟਾਂ ਆਈਆਂ ਹਨ। ਖੁਸ਼ਕਿਸਮਤੀ ਇਹ ਰਹੀ ਕਿ ਪੱਗ ਕਰਕੇ ਜ਼ਮੀਨ ‘ਚ ਟਕਰਾਉਣ ਤੋਂ ਬਾਅਦ ਵੀ ਸਿਰ ‘ਚ ਗੰਭੀਰ ਸੱਟ ਨਹੀਂ ਆਈ। ਪੁਲਿਸ ਨੇ ਨੌਜਵਾਨਾਂ ਨੂੰ ਰਾਊਂਡਅਪ ਕਰਕੇ ਥਾਣੇ ਲੈ ਗਈ ਅਤੇ ਮੋਟਰਸਾਈਕਲ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ।
ਮੋਟਰਸਾਈਕਲ ਚਲਾ ਰਹੇ ਦੋਸ਼ੀ ਸਲੀਮ ਨੇ ਦੱਸਿਆ ਕਿ ਉਹ ਸਾਮਾਨ ਲੈ ਕੇ ਦੋਸਤਾਂ ਨਾਲ ਘਰ ਜਾ ਰਿਹਾ ਸੀ। ਕੰਪਨੀ ਬਾਗ ਚੌਂਕ ‘ਤੇ ਖੜ੍ਹੇ ਪੁਲਿਸ ਮੁਲਾਜ਼ਮ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹ ਮੋਟਰਸਾਈਕਲ ਨਾਲ ਟਕਰਾ ਗਏ। ਨੌਜਵਾਨਾਂ ਨੇ ਦੱਸਿਆ ਕਿ ਉਹ ਚਲਾਨ ਤੋਂ ਬਚ ਕੇ ਭੱਜ ਰਹੇ ਸਨ। ਟ੍ਰੈਫਿਕ ਪੁਲਿਸ ਨੇ ਜਦੋਂ ਨੌਜਵਾਨਾਂ ਤੋਂ ਹੈਲਮੇਟ ਤੇ ਕਾਗਜ਼ ਮੰਗੇ ਤਾਂ ਸਲੀਮ ਨੇ ਕਿਹਾ ਕਿ ਉਸ ਕੋਲ ਲਾਇਸੈਂਸ ਨਹੀਂ ਹੈ, ਕਾਗਜ਼ ਘਰ ਰੱਖੇ ਹਨ। ਇਸ ਤੋਂ ਬਾਅਦ ਪੁਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਨੌਜਵਾਨਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਏ.ਐੱਸ.ਆਈ. ਸਤਨਾਮ ਸਿੰਘ ਦੇ ਬਿਆਨਾਂ ‘ਤੇ ਨੌਜਵਾਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।