ਖੁਸ਼ਖਬਰੀ : ਹੁਣ ਮੋਬਾਈਲ ਰੀਚਾਰਜ ਦੀ ਵੈਲੀਡਿਟੀ 28 ਨਹੀਂ 30 ਦਿਨਾਂ ਦੀ ਹੋਵੇਗੀ!

0
651

ਨਵੀਂ ਦਿੱਲੀ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਟੀ (TRAI-Telecom Regulatory Authority of India) ਨੇ ਦੇਸ਼ ਦੀਆਂ ਸਾਰੀਆਂ ਦੂਰਸੰਚਾਰ ਕੰਪਨੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਨੂੰ ਆਪਣੇ ਸਾਰੇ ਗਾਹਕਾਂ ਨੂੰ 30 ਦਿਨਾਂ ਦੀ ਵੈਧਤਾ ਵਾਲਾ ਮੋਬਾਈਲ ਰੀਚਾਰਜ ਪਲਾਨ ਦੇਣਾ ਹੋਵੇਗਾ। ਇਸ ਦੇ ਨਾਲ ਹੀ, ਟੈਲੀਕਾਮ ਕੰਪਨੀ ਨੂੰ ਹੁਣ ਆਪਣੇ ਪਲਾਨ ‘ਚ ਪੂਰੇ ਮਹੀਨੇ ਦੀ ਵੈਧਤਾ ਵਾਲਾ ਵਿਸ਼ੇਸ਼ ਵਾਊਚਰ, ਕੰਬੋ ਵਾਊਚਰ ਲਿਆਉਣਾ ਹੋਵੇਗਾ।  ਇਸ ਤੋਂ ਇਲਾਵਾ, ਟੈਲੀਕਾਮ ਕੰਪਨੀਆਂ ਨੂੰ ਨਿਯਮਾਂ ਦੀ ਨੋਟੀਫਿਕੇਸ਼ਨ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਆਦੇਸ਼ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

ਟਰਾਈ ਨੇ 7 ਮਹੀਨੇ ਪਹਿਲਾਂ ਵੀ ਇਹ ਨਿਰਦੇਸ਼ ਜਾਰੀ ਕੀਤੇ ਸਨ ਪਰ ਟੈਲੀਕਾਮ ਕੰਪਨੀਆਂ ਨੇ ਇਸ ਦੀ ਪਾਲਣਾ ਨਹੀਂ ਕੀਤੀ। ਇਸ ਲਈ ਟਰਾਈ ਨੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਫਿਰ ਤੋਂ ਇਹ ਨਿਰਦੇਸ਼ ਦਿੱਤੇ ਹਨ।
ਦੱਸ ਦੇਈਏ ਕਿ ਟੈਲੀਕਾਮ ਕੰਪਨੀਆਂ ਦੇ ਮੌਜੂਦਾ ਪਲਾਨ ਦੀ ਵੈਧਤਾ 28 ਦਿਨਾਂ ਦੀ ਹੁੰਦੀ ਹੈ, ਜਿਸ ਕਾਰਨ ਗਾਹਕਾਂ ਨੂੰ ਸਾਲ ਵਿਚ 13 ਵਾਰ ਮਹੀਨਾਵਾਰ ਰੀਚਾਰਜ ਕਰਨਾ ਪੈਂਦਾ ਹੈ। ਟਰਾਈ ਦੇ ਇਸ ਫੈਸਲੇ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇੱਕ ਸਾਲ ਵਿਚ ਗਾਹਕਾਂ ਦੁਆਰਾ ਕੀਤੇ ਜਾਣ ਵਾਲੇ ਰੀਚਾਰਜ ਦੀ ਗਿਣਤੀ ਵਿਚ ਕਮੀ ਆਵੇਗੀ। ਅਜਿਹਾ ਕਰਨ ਨਾਲ ਗਾਹਕਾਂ ਨੂੰ ਇੱਕ ਮਹੀਨੇ ਦੇ ਵਾਧੂ ਰੀਚਾਰਜ ਲਈ ਪੈਸੇ ਦੀ ਬਚਤ ਹੋਵੇਗੀ।