ਅੱਜਕਲ੍ਹ ਪਾਕਿਸਤਾਨ ਆਪਣੇ ਇਤਿਹਾਸ ਦੀ ਸਭ ਤੋਂ ਭਿਆਨਕ ਤ੍ਰਾਸਦੀ ਵਿੱਚੋਂ ਲੰਘ ਰਿਹਾ ਹੈ। ਦੇਸ਼ ਵਿਚ ਆਏ ਜ਼ਬਰਦਸਤ ਹੜ੍ਹ ਨੇ ਉਸ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਹੈ।ਪਾਕਿਸਤਾਨ ਦੇ 80 ਜ਼ਿਲ੍ਹਿਆਂ ਵਿਚ ਹੜ੍ਹਾਂ ਨੇ ਤਬਾਹੀ ਮਚਾਈ ਹੈ। ਦੇਸ਼ ਵਿਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਗਿਣਤੀ 1200 ਦੇ ਕਰੀਬ ਪਹੁੰਚ ਗਈ ਹੈ। ਜਾਣਕਾਰੀ ਮੁਤਾਬਕ ਹੜ੍ਹਾਂ ਕਾਰਨ ਬਲੂਚਿਸਤਾਨ ਦੇ ਕੱਛੀ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਦਾ ਪੂਰੇ ਇਲਾਕੇ ਨਾਲ ਸੰਪਰਕ ਟੁੱਟ ਗਿਆ ਹੈ।ਅਜਿਹੇ ਵਿੱਚ ਬਲੂਚਿਸਤਾਨ ਦੇ ਹਿੰਦੂਆਂ ਨੇ ਭਾਈਚਾਰੇ ਅਤੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ ਹੈ। ਇੱਥੇ ਰਹਿਣ ਵਾਲੇ ਹਿੰਦੂਆਂ ਨੇ ਹੜ੍ਹ ਪੀੜਤਾਂ ਲਈ ਮੰਦਰਾਂ ਦੇ ਦਰਵਾਜ਼ੇ ਖੋਲ੍ਹ ਦਿੱਤੇ ਹਨ।
ਪਾਕਿਸਤਾਨ ਦੀਆਂ ਮੀਡੀਆ ਰਿਪੋਰਟਾਂ ਮੁਤਾਬਕ ਹੜ੍ਹ ਨੇ ਕਈ ਘਰਾਂ ਨੂੰ ਨੁਕਸਾਨ ਪਹੁੰਚਾ ਕੇ ਸਭ ਕੁਝ ਤਬਾਹ ਕਰ ਦਿੱਤਾ ਹੈ। ਦੇਸ਼ ‘ਚ ਹੜ੍ਹਾਂ ਦੀ ਅਜਿਹੀ ਭਿਆਨਕਤਾ ਨੂੰ ਦੇਖਦੇ ਹੋਏ ਬਲੂਚਿਸਤਾਨ ਦੇ ਸਥਾਨਕ ਲੋਕਾਂ ਨੇ ਹੜ੍ਹ ਪੀੜਤਾਂ ਲਈ ਬਾਬਾ ਮਧੂਦਾਸ ਮੰਦਰ ਦੇ ਬੂਹੇ ਖੋਲ੍ਹ ਦਿੱਤੇ ਹਨ।ਦੂਜੇ ਪਾਸੇ ਸੰਯੁਕਤ ਰਾਸ਼ਟਰ ਆਬਾਦੀ ਫੰਡ ਸੰਗਠਨ ਨੇ ਵੀ ਪਾਕਿਸਤਾਨ ਦੀ ਸਥਿਤੀ ‘ਤੇ ਚਿੰਤਾ ਪ੍ਰਗਟਾਈ ਹੈ। ਸੰਗਠਨ ਨੇ ਪਾਕਿਸਤਾਨ ਦੇ ਹੜ੍ਹਾਂ ਤੋਂ ਪ੍ਰਭਾਵਿਤ 6 ਲੱਖ 50 ਹਜ਼ਾਰ ਗਰਭਵਤੀ ਔਰਤਾਂ ਦੀਆਂ ਸਿਹਤ ਸਹੂਲਤਾਂ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ।
ਇਕ ਰਿਪੋਰਟ ਮੁਤਾਬਕ ਸੰਯੁਕਤ ਰਾਸ਼ਟਰ ਦੀ ਇਸ ਸੰਸਥਾ ਨੇ ਇਹ ਵੀ ਕਿਹਾ ਹੈ ਕਿ ਅਗਲੇ ਮਹੀਨੇ 73 ਹਜ਼ਾਰ ਔਰਤਾਂ ਬੱਚਿਆਂ ਨੂੰ ਜਨਮ ਦੇਣਗੀਆਂ। ਇਨ੍ਹਾਂ ਲਈ ਅਜਿਹੇ ਸਿਹਤ ਕਰਮਚਾਰੀਆਂ ਦੀ ਲੋੜ ਹੈ, ਜੋ ਬੱਚਿਆਂ ਨੂੰ ਸੰਭਾਲਣ ਦਾ ਹੁਨਰ ਜਾਣਦੇ ਹੋਣ।