ਪਟਿਆਲਾ। 11 ਜੁਲਾਈ ਤੋਂ ਪਟਿਆਲਾ ਜੇਲ੍ਹ ਤੇ ਸਾਹਮਣੇ ਸੀਐੱਫ ਦਫ਼ਤਰ ਅੱਗੇ ਦਿਨ ਰਾਤ ਧਰਨੇ ’ਤੇ ਬੈਠੇ ਜੰਗਲਾਤ ਕਾਮੇ ਰਾਤ ਡੇਢ ਵਜੇ ਆਈ-20 ਕਾਰ ਨੇ ਦਰੜ ਦਿੱਤੇ, ਜਿਸ ਕਾਰਨ 6 ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਦਾ ਇਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ।
ਪੰਜਾਬ ਸੁਬਾਰਡੀਨੇਟ ਸਰਵਿਸ ਚੌਥਾ ਦਰਜਾ ਯੂਨੀਅਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਅਤੇ ਜੰਗਲਾਤ ਕਾਮਿਆਂ ਦੇ ਪ੍ਰਧਾਨ ਜਗਮੋਹਨ ਨੌਲੱਖਾ ਨੇ ਦੱਸਿਆ ਕਿ ਜੰਗਲਾਤ ਕਾਮਿਆਂ ਨੂੰ 6 ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ, ਜਿਸ ਕਰਕੇ 11 ਜੁਲਾਈ ਤੋਂ ਸਾਊਥ ਸਰਕਲ ਦੇ ਸੀਐੱਫ ਦਫ਼ਤਰ ਕੋਲ ਦਿਨ ਰਾਤ ਦੇ ਧਰਨੇ ’ਤੇ ਬੈਠੇ ਹਨ। ਕੁਝ ਦਿਨ ਪਹਿਲਾਂ ਵੀ ਰਾਤ ਨੂੰ ਕਾਰ ਨੇ ਜੇਲ੍ਹ ਦੇ ਸਾਹਮਣੇ ਹੀ ਡਿਵਾਈਡਰ ’ਤੇ ਲੱਗੀ ਲੋਹੇ ਦੀ ਗਰਿੱਲ ਤੋੜ ਦਿੱਤੀ ਸੀ। ਉਸ ਦਿਨ ਵੀ ਜੰਗਲਾਤ ਕਾਮੇ ਵਾਲ-ਵਾਲ ਬਚ ਗਏ ਸਨ ਪਰ ਰਾਤ ਡੇਢ ਵਜੇ ਆਈ-20 ਕਾਰ ਧਰਨੇ ’ਤੇ ਬੈਠੇ ਕਾਮਿਆਂ ਦੇ ਚੜ੍ਹ ਗਈ।
ਇਸ ਕਾਰਨ ਲਖਵਿੰਦਰ ਲੱਖੀ ਭਾਦਸੋਂ ਦੀ ਲੱਤ ਟੁੱਟ ਗਈ, ਚਰਨਜੀਤ ਚੰਨੀ ਦਾ ਅੰਗੂਠਾ ਟੁੱਟ ਗਿਆ, ਪ੍ਰੇਮ ਖਤੋਲੀ, ਤਰਲੋਚਨ ਮੰਡੌਲੀ, ਗੁਰਚਰਨ ਚੰਨੀ ਦੂਧਨ ਸਾਧਾਂ ਅਤੇ ਜਗਤਾਰ ਨਾਭਾ ਦੇ ਸੱਟਾਂ ਲੱਗੀਆਂ ਹਨ। ਜਗਮੋਹਨ ਨੌਲੱਖਾ ਨੇ ਦੱਸਿਆ ਕਿ ਕਾਰ ਵਾਲੇ ਉਸ ਵੇਲੇ ਉੱਥੋਂ ਫ਼ਰਾਰ ਹੋ ਗਏ ਪਰ ਕਾਰ ਦਾ ਨੰਬਰ ਜਲੰਧਰ ਰਜਿਸਟਰਡ ਹੋਇਆ ਹੈ। ਕਾਰ ਵਾਲਿਆਂ ਨੇ ਕੁਝ ਹੋਰ ਬੰਦੇ ਸਮਝੌਤੇ ਲਈ ਹਸਪਤਾਲ ਵਿਚ ਭੇਜੇ ਹਨ। ਰਾਜਿੰਦਰਾ ਹਸਪਤਾਲ ਵਿਚ ਸੀਐਫ ਸ੍ਰੀ ਸਿੰਗਲਾ, ਡੀਐੱਫਓ ਵਿੱਦਿਆ ਸਾਗਰੀ, ਰੇਂਜ ਅਫ਼ਸਰ ਸਵਰਨ ਸਿੰਘ ਤੋਂ ਇਲਾਵਾ ਹੋਰ ਜੰਗਲਾਤ ਆਗੂ ਪੁੱਜੇ ਹਨ।








































