ਅੰਮ੍ਰਿਤਸਰ। ਪੁਲਿਸ ਕਮਿਸ਼ਨਰ ਅਰੁਣਪਾਲ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ ਤਹਿਤ ਮਾੜੇ ਅਨਸਰਾਂ ਖਿਲਾਫ ਚੋਰੀ ਦੀਆਂ ਵਾਰਦਾਤਾਂ ਰੋਕਣ ਲਈ ਚਲਾਈ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਗਲਿਆਰਾ ਪੁਲਿਸ ਨੂੰ ਉਸ ਲਈ ਵੱਡੀ ਕਾਮਯਾਬੀ ਮਿਲੀ ਜਦੋਂ ਇਕ ਨਾਕਾਬੰਦੀ ਦੌਰਾਨ ਤਿੰਨ ਮੈਂਬਰੀ ਗਿਰੋਹ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਅੱਠ ਦੇ ਕਰੀਬ ਐਕਟਿਵਾ ਦੋ ਮੋਟਰਸਾਈਕਲ ਚੋਰੀ ਦੇ ਬਰਾਮਦ ਕੀਤੇ ਗਏ।
ਗਲਿਆਰਾ ਚੌਂਕੀ ਦੇ ਪੁਲਸ ਅਧਿਕਾਰੀ ਪਰਮਜੀਤ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਫ਼ੀ ਲੰਮੇ ਸਮੇਂ ਤੋਂ ਸਾਨੂੰ ਸ਼ਿਕਾਇਤਾਂ ਆ ਰਹੀਆਂ ਸੀ ਕਿ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂ ਜੋ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਨਤਮਸਤਕ ਹੋਣ ਲਈ ਆਉਂਦੇ ਹਨ, ਉਹ ਆਪਣੇ ਵਹੀਕਲ ਬਾਹਰ ਲਗਾ ਕੇ ਜਾਂਦੇ ਹਨ, ਜਿਹੜੇ ਕਿ ਚੋਰੀ ਹੋ ਜਾਂਦੇ ਸਨ।
ਮੁਖ਼ਬਰ ਦੀ ਸੂਚਨਾ ਦੇ ਆਧਾਰ ’ਤੇ ਅਸੀਂ ਨਾਕਾਬੰਦੀ ਦੌਰਾਨ ਇਕ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ, ਜਿਨ੍ਹਾਂ ਕੋਲੋਂ ਪੁੱਛਗਿੱਛ ਦੌਰਾਨ ਪਹਿਲਾਂ ਦੋ ਐਕਟਿਵਾ ਚੋਰੀ ਦੀਆਂ ਬਰਾਮਦ ਹੋਈਆਂ, ਫਿਰ ਪੁੱਛਗਿੱਛ ਦੌਰਾਨ ਉਨ੍ਹਾਂ ਕੋਲੋਂ ਕੁੱਲ ਅੱਠ ਦੇ ਕਰੀਬ ਐਕਟਿਵਾ ਤੇ ਦੋ ਮੋਟਰਸਾਈਕਲ ਬਰਾਮਦ ਕੀਤੇ ਹਨ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਇਨ੍ਹਾਂ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਇਨ੍ਹਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਨ੍ਹਾਂ ਕੋਲੋਂ ਹੋਰ ਵੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।