ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੇ ਇਨਫੋਰਸਮੈਂਟ ਵਿੰਗ ਨੇ ਸਬ ਡਵੀਜ਼ਨ ਸਾਹਨੇਵਾਲ ਅਧੀਨ 27 ਮਈ ਨੂੰ ਵੱਡੇ ਪੱਧਰ ਤੇ ਕੀਤੀ ਗਈ ਛਾਪਾਮਾਰੀ ਦੌਰਾਨ ਬਿਜਲੀ ਚੋਰੀ ਅਤੇ ਬਿਜਲੀ ਦੀ ਦੁਰਵਰਤੋਂ (UUE) ਦੇ 20 ਮਾਮਲਿਆਂ ਵਿੱਚ 9 ਲੱਖ 60 ਹਜ਼ਾਰ ਰੁਪਏ ਦਾ ਜੁਰਮਾਨਾ ਵਸੂਲਿਆ ਹੈ।
ਪੀਐੱਸਪੀਸੀਐਲ ਦੇ ਬੁਲਾਰੇ ਮੁਤਾਬਕ ਕੁਨੈਕਸ਼ਨਾਂ ਦੀ ਜਾਂਚ ਲਈ ਛੇ ਟੀਮਾਂ ਦਾ ਗਠਨ ਕੀਤਾ ਗਿਆ ਸੀ। ਛਾਪਾਮਾਰੀ ਦੌਰਾਨ ਟੀਮਾਂ ਵੱਲੋਂ 150 ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ ਅਤੇ ਉਨ੍ਹਾਂ ਵਿੱਚੋਂ ਸਾਹਨੇਵਾਲ, ਖੰਨਾ ਅਤੇ ਗੋਬਿੰਦਗੜ੍ਹ ਇਲਾਕਿਆਂ ਵਿੱਚ ਕੁੱਲ 20 ਮਾਮਲੇ ਸਿੱਧੀ ਚੋਰੀ ਅਤੇ UUE ਦੇ ਪਾਏ ਗਏ। ਟੀਮਾਂ ਵੱਲੋਂ ਬਿਜਲੀ ਚੋਰੀ ਲਈ 9 ਲੱਖ ਰੁਪਏ ਅਤੇ UUE ਲਈ 60 ਹਜ਼ਾਰ ਦਾ ਜੁਰਮਾਨਾ ਵਸੂਲਿਆ ਗਿਆ ਹੈ।
ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸਰਕਾਰ ਸੂਬੇ ਅੰਦਰ ਬਿਜਲੀ ਚੋਰੀ ਨੂੰ ਰੋਕਣ ਲਈ ਵਚਨਬੱਧ ਹੈ ਅਤੇ ਸੀਐੱਮ ਭਗਵੰਤ ਮਾਨ ਵੱਲੋਂ ਪੀਐਸਪੀਸੀਐਲ ਅਥਾਰਿਟੀਜ਼ ਨੂੰ ਸੂਬੇ ਅੰਦਰ ਬਿਜਲੀ ਚੋਰੀ ਨੂੰ ਰੋਕਣ ਲਈ ਨਾਜਾਇਜ਼ ਕੁਨੈਕਸ਼ਨ ਚਲਾਉਣ ਵਾਲੇ ਖਪਤਕਾਰਾਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ।
ਬਿਜਲੀ ਮੰਤਰੀ ਨੇ ਕਿਹਾ ਕਿ ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਪੀਐੱਸਪੀਸੀਐੱਲ ਦੇ ਸਾਰੇ ਜ਼ੋਨਾਂ ਵਿੱਚ ਰੈਗੂਲਰ ਜਾਂਚ ਕਰ ਰਹੀਆਂ ਹਨ ਅਤੇ ਕੁੰਡੀ ਕੁਨੈਕਸ਼ਨਾਂ ਜਾਂ ਨਾਜਾਇਜ਼ ਤਰੀਕੇ ਨਾਲ ਬਿਜਲੀ ਵਰਤਦੇ ਹੋਏ ਬਿਜਲੀ ਚੋਰੀ ਕਰਨ ਵਾਲੇ ਖ਼ਪਤਕਾਰਾਂ ਤੇ ਜੁਰਮਾਨੇ ਲਗਾ ਰਹੀਆਂ ਹਨ।
ਪੀਐੱਸਪੀਸੀਐਲ ਦੇ ਬੁਲਾਰੇ ਨੇ ਸਾਰੇ ਮਾਨਯੋਗ ਖਪਤਕਾਰਾਂ ਨੂੰ ਬਿਜਲੀ ਚੋਰੀ ਦੇ ਗ਼ਲਤ ਕੰਮ ਨੂੰ ਰੋਕਣ ਲਈ ਅਥਾਰਿਟੀਜ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਬਿਜਲੀ ਚੋਰੀ ਖ਼ਿਲਾਫ਼ ਮੁਹਿੰਮ ਵਿੱਚ ਯੋਗਦਾਨ ਪਾਉਂਦੇ ਹੋਏ ਖਪਤਕਾਰ ਵ੍ਹੱਟਸਐਪ ਨੰਬਰ 96461-75770 ਤੇ ਬਿਜਲੀ ਚੋਰੀ ਸਬੰਧੀ ਜਾਣਕਾਰੀ ਦੇ ਸਕਦੇ ਹਨ। ਪੀਐੱਸਪੀਸੀਐੱਲ ਨੇ ਆਪਣੇ ਖਪਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਉਨ੍ਹਾਂ ਦੀ ਪਛਾਣ ਉਜਾਗਰ ਨਹੀਂ ਕੀਤੀ ਜਾਏਗੀ।