ਪੀ.ਐਸ.ਪੀ.ਸੀ.ਐਲ. ਵਲੋਂ ਕਣਕ ਦੀਆਂ ਫ਼ਸਲਾਂ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ

0
1171

ਪਟਿਆਲਾ | ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ ਵੱਲੋਂ ਸਮੂਹ ਮੁੱਖ ਇੰਜੀਨੀਅਰਜ./ ਸੰਚਾਲਣ ਅਤੇ ਫੀਲਡ ਅਫਸਰਾਂ ਨੂੰ ਪੰਜਾਬ ਰਾਜ ਵਿੱਚ ਕਣਕ ਦੇ ਪੱਕਣ / ਕਟਾਈ ਸਮੇਂ ਦੌਰਾਨ ਬਿਜਲੀ ਦੇ ਸਪਾਰਕ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਅ ਲਈ ਕਾਰਵਾਈ ਕਰਨੀ ਯਕੀਨੀ ਬਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ|

ਪੀਐਸਪੀਸੀਐਲ ਦੇ ਬੁਲਾਰੇ ਨੇ ਦੱਸਿਆ ਕਿ ਬਿਜਲੀ ਦੀਆਂ ਚੰਗਿਆੜੀਆਂ ਕਾਰਨ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਣ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇਸ ਦਿਸ਼ਾ ਵਿੱਚ ਵਿਸ਼ੇਸ਼ ਉਪਰਾਲੇ ਕੀਤੇ ਹਨ।

ਇਸ ਸਬੰਧ ਵਿੱਚ ਸਮੂਹ ਫੀਲਡ ਅਫਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜਿਨ੍ਹਾਂ ਜੀ.ਓ. ਸਵਿੱਚਾਂ ਤੇ ਸਪਾਰਕਿੰਗ ਹੋ ਰਹੀ ਹੈ, ਉਨ੍ਹਾਂ ਦੀ ਤੁਰੰਤ ਮੇਨਟੇਨੈਂਸ ਕੀਤੀ ਜਾਵੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਜੀ.ਓ. ਸਵਿੱਚ ਸਪਾਰਕ ਨਾ ਕਰੇ। ਖੇਤਾਂ ਵਿੱਚੋਂ ਲੰਘਦੀਆਂ ਐਚ.ਟੀ./ ਐਲ.ਟੀ. ਲਾਈਨਾਂ ਦੇ ਲੂਜ ਸੈਗ ਨੂੰ ਟਾਈਟ ਕੀਤਾ ਜਾਵੇ, ਜਿੱਥੇ ਸੈਗ ਜਿਆਦਾ ਹੈ ਤਾਂ ਹੋਰ ਖੰਬਾ ਲਗਾ ਕੇ ਸੈਗ ਠੀਕ ਕੀਤਾ ਜਾਵੇ| ਇਸ ਤੋਂ ਇਲਾਵਾ ਹਦਾਇਤਾਂ ਰਾਹੀਂ ਜਿੱਥੇ 2 ਲਾਈਨਾਂ ਦੀ ਕਰਾਸਿੰਗ ਹੋਵੇ ਉਨ੍ਹਾਂ ਵਿਚਕਾਰ ਸਹੀ ਫਾਸਲਾ ਬਣਾਉਣ ਲਈ ਕਿਹਾ ਗਿਆ ਹੈ ।

ਇਸ ਤੋਂ ਇਲਾਵਾ ਸਾਰੇ ਟਰਾਂਸਫਾਰਮਰ/ ਪੋਲਾਂ ਦੇ ਢਿੱਲੇ ਜੰਪਰਾਂ ਨੂੰ ਟਾਈਟ ਕੀਤਾ ਜਾਵੇ ਅਤੇ ਖੇਤਾਂ ਵਿੱਚੋਂ ਲੰਘਦੀਆਂ ਐਚ.ਟੀ./ਐਲ.ਟੀ. ਲਾਈਨਾਂ ਹੇਠਾਂ ਜਿੱਥੇ ਕਲੀਅਰੈਂਸ ਘੱਟ ਹੋਵੇ ਉਸ ਨੂੰ ਠੀਕ ਕੀਤਾ ਜਾਵੇ ਅਤੇ ਟੇਡੇ ਪੋਲਾਂ ਨੂੰ ਵੀ ਸਿੱਧਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ| ਇਸ ਸਬੰਧੀ ਫੀਲਡ ਵਿੱਚ ਕੀਤੇ ਗਏ ਕੰਮ ਨੂੰ ਰੋਜ਼ਾਨਾ ਮੌਨੀਟਰ ਕੀਤਾ ਜਾ ਰਿਹਾ ਹੈ| ਇਸ ਤੋਂ ਇਲਾਵਾ ਕਿਸਾਨ ਵੀਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕਣਕ ਵੀ ਵਾਢੀ ਦੇ 15 ਦਿਨਾਂ ਦੇ ਦੌਰਾਨ ਤਾਪਮਾਨ ਜਿਆਦਾ ਹੋਣ ਕਰਕੇ ਅੱਗ ਲੱਗਣ ਦੀ ਸੰਭਾਵਨਾ ਨੂੰ ਦੇਖਦੇ ਹੋਏ ਏ.ਪੀ. ਫੀਡਰਾਂ ਨੂੰ ਦਿਨ ਦੀ ਬਜਾਏ ਰਾਤ ਨੂੰ ਲੋੜ ਅਨੁਸਾਰ ਬਿਜਲੀ ਸਪਲਾਈ ਦਿੱਤੀ ਜਾਵੇਗੀ| ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਉਹ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਸਹਿਯੋਗ ਦੇਣ ਅਤੇ ਕੰਬਾਇਨਾਂ ਨਾਲ ਕਟਾਈ ਕਰਦੇ ਸਮੇਂ ਬਿਜਲੀ ਦੇ ਖੰਬਿਆਂ ਦੇ ਬਚਾਅ ਸਬੰਧੀ ਵੀ ਧਿਆਨ ਰੱਖਣ।

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਕਿਸਾਨ ਵੀਰਾਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਕਿਸੇ ਬਿਜਲੀ ਦੀ ਲਾਈਨ ਤੋਂ ਸਪਾਰਕ ਹੋ ਰਿਹਾ ਹੈ ਜਾਂ ਸੰਭਾਵਨਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਟਾਫ, ਜੇ.ਈ/ ਉਪ ਮੰਡਲ ਅਫਸਰ ਨੂੰ ਟੈਲੀਫੋਨ ਤੇ ਦਿੱਤੀ ਜਾਵੇ| ਜਿਥੇ ਕਿਤੇ ਵੀ ਬਿਜਲੀ ਦੀਆਂ ਤਾਰਾਂ ਢਿੱਲੀਆਂ ਜਾਂ ਨੀਵੀਆਂ ਹੋਣ, ਸਬੰਧੀ ਸੂਚਨਾ, ਖਪਤਕਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਪਟਿਆਲਾ ਵਿਖੇ 24 ਘੰਟੇ ਚਾਲੂ ਕੰਟਰੋਲ ਰੂਮ ਦੇ ਟੈਲੀਫੋਨ ਨੰਬਰ 9646106835 ਅਤੇ 9646106836 ਤੇ ਦਿੱਤੀ ਜਾਵੇ |

ਸਾਰੇ ਫੀਲਡ ਅਫਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਸਪਾਰਕਿੰਗ ਲਈ ਰਿਪੋਰਟ ਕੀਤੇ ਗਏ ਸਾਰੇ ਜੀਓ ਸਵਿੱਚਾਂ ਦੀ ਸਹੀ ਸਾਂਭ-ਸੰਭਾਲ ਨੂੰ ਯਕੀਨੀ ਬਣਾਉਣ।