ਫਿਰੋਜ਼ਪੁਰ : ਸਿਵਿਲ ਹਸਪਤਾਲ ‘ਚ ਗਰਭਵਤੀ ਡਿਲੀਵਰੀ ਲਈ ਤੜਫਦੀ ਰਹੀ, ਪਤੀ ਨੇ ਡਾਕਟਰਾਂ ਨੂੰ ਸਵਾਲ ਕੀਤੇ ਤਾਂ ਹਸਪਤਾਲ ਵਾਲਿਆਂ ਨੇ ਪੁਲਿਸ ਨੂੰ ਫੜਾਇਆ

0
9249

ਫਿਰੋਜ਼ਪੁਰ (ਸੁਖਚੈਨ ਸਿੰਘ) | ਪਿਛਲੇ ਕੁਝ ਦਿਨਾਂ ਤੋਂ ਸੋਸਲ ਮੀਡੀਆ ਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀਆਂ ਵੀਡੀਓ ਖੂਬ ਵਾਇਰਲ ਹੋ ਰਹੀਆਂ ਹਨ। ਜਿਸ ਵਿੱਚ ਉਹ ਸਰਕਾਰੀ ਹਸਪਤਾਲਾਂ ਦੀ ਚੈਕਿੰਗ ਕਰਦੇ ਅਤੇ ਸਟਾਫ ਨੂੰ ਹਦਾਇਤਾਂ ਦਿੰਦੇ ਨਜਰ ਆ ਰਹੇ ਹਨ। ਜਿਸ ਤੇ ਸਖਤ ਐਕਸ਼ਨ ਲੈਂਦਿਆਂ CM ਭਗਵੰਤ ਮਾਨ ਨੇ ਵੀ ਸਰਕਾਰੀ ਹਸਪਤਾਲਾਂ ਨੂੰ ਸਖਤ ਹੁਕਮ ਜਾਰੀ ਕੀਤੇ ਹਨ। ਕਿ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਸਮੇਂ ਸਿਰ ਮਰੀਜ਼ਾਂ ਦਾ ਇਲਾਜ ਕੀਤਾ ਜਾਵੇ।

ਫਿਰੋਜ਼ਪੁਰ ਸਿਵਲ ਹਸਪਤਾਲ ‘ਚ ਗਰਭਵਤੀ ਔਰਤ ਦੇ ਇਲਾਜ ‘ਚ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਸੋਮਵਾਰ ਰਾਤ ਨੂੰ ਇੱਕ ਔਰਤ ਹਸਪਤਾਲ ਆ ਕੇ ਡਿਲੀਵਰੀ ਲਈ ਤੜਫਦੀ ਰਹੀ ਪਰ ਕਿਸੇ ਨੇ ਉਸ ਵੱਲ ਧਿਆਨ ਨਾ ਦਿੱਤਾ। ਪਤੀ ਉਸ ਨੂੰ ਨਿੱਜੀ ਹਸਪਤਾਲ ਲੈ ਗਿਆ।

ਨਿੱਜੀ ਹਸਪਤਾਲ ‘ਚ ਇਲਾਜ ਕਾਫੀ ਮਹਿੰਗਾ ਹੋਣ ਕਰਕੇ ਔਰਤ ਨੂੰ ਵਾਪਿਸ ਸਿਵਲ ਹਸਪਤਾਲ ਲਿਆਂਦਾ ਗਿਆ। ਪਤੀ ਨੇ ਪਤਨੀ ਦੇ ਇਲਾਜ ਬਾਰੇ ਜਦੋਂ ਡਾਕਟਰਾਂ ਨੂੰ ਸਵਾਲ ਕੀਤੇ ਤਾਂ ਉਨ੍ਹਾਂ ਨੇ ਪੁਲਿਸ ਬੁਲਾ ਕੇ ਉਸ ਨੂੰ ਗ੍ਰਿਫਤਾਰ ਕਰਵਾ ਦਿੱਤਾ। ਪੱਤਰਕਾਰਾਂ ਨੇ ਉਸ ਨੂੰ ਛਡਾਇਆ।

ਗਰਭਵਤੀ ਔਰਤ ਦੇ ਪਤੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪਤਨੀ ਨੂੰ ਡਿਲੀਵਰੀ ਲਈ ਸਿਵਲ ਹਸਪਤਾਲ ਲਿਆਇਆ ਸੀ। ਕਾਫੀ ਟਾਈਮ ਉਹ ਹਸਪਤਾਲ ਦੇ ਬਾਹਰ ਤੜਫਦੀ ਰਹੀ ਪਰ ਸਟਾਫ ਨੇ ਦਾਖਲ ਨਹੀਂ ਕੀਤਾ। ਇਸ ਤੋਂ ਬਾਅਦ ਉਹ ਪਤਨੀ ਨੂੰ ਪ੍ਰਾਈਵੇਟ ਹਸਪਤਾਲ ਲੈ ਗਿਆ ਜਿੱਥੇ ਬਹੁਤ ਪੈਸਿਆਂ ਦੀ ਮੰਗ ਕੀਤੀ ਗਈ। ਉਸ ਕੋਲ ਪੈਸੇ ਨਹੀਂ ਸਨ ਕਿ ਉਹ ਪ੍ਰਾਈਵੇਟ ਹਸਪਤਾਲ ਦਾ ਖਰਚਾ ਚੁੱਕ ਸਕੇ ਇਸ ਲਈ ਉਹ ਫਿਰ ਸਰਕਾਰੀ ਹਸਪਤਾਲ ਲੈ ਆਇਆ।

ਸਰਕਾਰੀ ਹਸਪਤਾਲ ਵਿੱਚ ਪਤਨੀ ਤੜਫਦੀ ਰਹੀ ਪਰ ਕਿਸੇ ਡਾਕਟਰ ਨੇ ਧਿਆਨ ਨਹੀਂ ਦਿੱਤਾ। ਉਸ ਨੇ ਜਦੋਂ ਡਾਕਟਰਾਂ ਨੂੰ ਇਹ ਸਵਾਲ ਪੁੱਛੇ ਤਾਂ ਉਨ੍ਹਾਂ ਨੇ ਪੁਲਿਸ ਬੁਲਾ ਲਈ ਅਤੇ ਉਸ ਨੂੰ ਗ੍ਰਿਫਤਾਰ ਕਰਵਾ ਦਿੱਤਾ। ਗਰਭਵਤੀ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਪੱਤਰਕਾਰਾਂ ਨੇ ਉਸ ਨੂੰ ਛੁਡਾਇਆ।

ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗਰਭਵਤੀ ਔਰਤ ਹਸਪਤਾਲ ਦੇ ਬਾਹਰ ਕਾਫੀ ਟਾਈਮ ਤੜਫਦੀ ਰਹੀ ਪਰ ਸਟਾਫ ਨੇ ਇਲਾਜ ਕਰਨ ਦੀ ਬਜਾਏ ਉਸ ਵੱਲ ਵੇਖਿਆ ਤੱਕ ਨਹੀਂ।

ਡਿਊਟੀ ਡਾਕਟਰ ਸਤਿੰਦਰ ਕੌਰ ਦਾ ਇਸ ਬਾਰੇ ਕਹਿਣਾ ਹੈ ਕਿ ਮਰੀਜ਼ ਨੂੰ ਹਸਪਤਾਲ ਲਿਆਂਦਾ ਜ਼ਰੂਰ ਗਿਆ ਸੀ ਪਰ ਪਰਿਵਾਰ ਵਾਲੇ ਖੁਦ ਮਰੀਜ਼ ਨੂੰ ਪ੍ਰਾਇਵੇਟ ਹਸਪਤਾਲ ਲੈ ਗਏ। ਇਸ ਤੋਂ ਬਾਅਦ ਫਿਰ ਸਿਵਲ ਹਸਪਤਾਲ ਲੈ ਆਏ ਪਰ ਹਸਪਤਾਲ ਦੇ ਅੰਦਰ ਨਹੀਂ ਲਿਆਂਦਾ। ਜੇਕਰ ਉਹ ਮਰੀਜ਼ ਨੂੰ ਅੰਦਰ ਲੈ ਕੇ ਆਉਂਦੇ ਤਾਂ ਉਹ ਇਲਾਜ ਜ਼ਰੂਰ ਕਰਦੇ।

ਲੋਕਾਂ ਵੱਲੋਂ ਬਣਾਈ ਵੀਡੀਓ ਵਿੱਚ ਵੀ ਨਜ਼ਰ ਆ ਰਿਹਾ ਹੈ ਕਿ ਮਹਿਲਾ ਹਸਪਤਾਲ ਦੇ ਜੱਚਾ-ਬੱਚਾ ਵਾਰਡ ਵਿੱਚ ਪਈ ਹੈ, ਉਸ ਦਾ ਪਤੀ ਹਸਪਤਾਲ ਦੇ ਸਟਾਫ ਨਾਲ ਗੱਲ ਕਰ ਰਿਹਾ ਹੈ। ਡਾਕਟਰ ਮਰੀਜ਼ ਨੂੰ ਵੇਖਣ ਦੀ ਥਾਂ ਕੁਰਸੀ ‘ਤੇ ਬੈਠ ਕੇ ਫੋਨ ਚਲਾ ਰਹੇ ਹਨ।

ਸਵਾਲ ਇਹ ਹੈ ਕਿ ਇੱਕ ਪਾਸੇ ਤਾਂ ਆਮ ਆਦਮੀ ਪਾਰਟੀ ਗਲੀ-ਗਲੀ ਮੁਹੱਲਾ ਕਲੀਨਿਕ ਖੋਲ੍ਹਣ ਦੇ ਵਾਅਦੇ ਕਰ ਰਹੀ ਹੈ ਪਰ ਦੂਜੇ ਪਾਸੇ ਸਰਕਾਰੀ ਹਸਪਤਾਲਾਂ ਵਿੱਚ ਡਾਕਟਰ ਲਾਪਰਵਾਹੀ ਵਰਤ ਰਹੇ ਹਨ।

(Whatsapp ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ ਸਾਡੇ ਗਰੁੱਪ ਨਾਲ ਜੁੜੋ )

ਵੇਖੋ ਵੀਡੀਓ