ਗੁਰਦਾਸਪੁਰ ਦੇ ਪਿੰਡ ਤੋਂ ਮਿਸ ਯੂਨੀਵਰਸ ਤੱਕ ਦਾ ਸਫ਼ਰ : 1400 ਦੀ ਆਬਾਦੀ ਵਾਲੇ ਪਿੰਡ ਦੀ ਹਰਨਾਜ਼ ਮਹਿਜ਼ 50 ਦਿਨ ਦੀ ਸੀ, ਜਦੋਂ ਲਾਰਾ ਨੇ ਪਹਿਨਿਆ ਸੀ ਤਾਜ, ਵੇਖੋ ਵੀਡੀਓਜ਼

0
31274

ਚੰਡੀਗੜ੍ਹ | ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ ਦੁਨੀਆ ਲਈ ਉਹ ਨਾਂ ਬਣ ਗਈ ਹੈ, ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ।

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਇਕ ਛੋਟੇ ਜਿਹੇ ਪਿੰਡ ਕੋਹਾਲੀ ਵਿੱਚ ਜਨਮੀ ਹਰਨਾਜ਼ ਕੌਰ ਦਾ ਮਿਸ ਯੂਨੀਵਰਸ ਦੇ ਤਾਜ ਤੱਕ ਦਾ ਸਫ਼ਰ ਬਹੁਤ ਖਾਸ ਤੇ ਪ੍ਰੇਰਨਾਦਾਇਕ ਰਿਹਾ ਹੈ।

ਭਾਰਤ ਨੂੰ ਆਖਰੀ ਵਾਰ 12 ਮਈ 2000 ਨੂੰ ਮਿਸ ਯੂਨੀਵਰਸ ਦਾ ਖਿਤਾਬ ਮਿਲਿਆ ਸੀ। ਉਦੋਂ ਭਾਰਤ ਦੀ ਲਾਰਾ ਦੱਤਾ ਵਿਸ਼ਵ ਸੁੰਦਰੀ ਬਣੀ ਸੀ। ਉਸ ਸਮੇਂ ਹਰਨਾਜ਼ ਕੌਰ ਦੀ ਉਮਰ ਸਿਰਫ਼ 50 ਦਿਨਾਂ ਦੀ ਸੀ। ਹੁਣ 21 ਸਾਲ ਬਾਅਦ 21 ਸਾਲ ਦੀ ਹਰਨਾਜ਼ ਸੰਧੂ ਨੇ ਇਹ ਤਾਜ ਭਾਰਤ ਨੂੰ ਦੁਬਾਰਾ ਦਿਵਾਇਆ ਹੈ।

ਗੁਰਦਾਸਪੁਰ ਜ਼ਿਲ੍ਹੇ ਦੇ ਕੋਹਾਲੀ ਪਿੰਡ ਜਿਸ ਵਿੱਚ ਹਰਨਾਜ਼ ਕੌਰ ਦਾ ਜਨਮ ਹੋਇਆ, ਦੀ ਆਬਾਦੀ ਸਿਰਫ਼ 1393 ਹੈ। ਇੰਨੇ ਛੋਟੇ ਜਿਹੇ ਪਿੰਡ ‘ਚੋਂ ਨਿਕਲ ਕੇ ਪੂਰੀ ਦੁਨੀਆ ਨੂੰ ਕਵਰ ਕਰਨਾ ਆਪਣੇ-ਆਪ ਵਿੱਚ ਇਕ ਖਾਸ ਅਹਿਸਾਸ ਹੈ, ਜਿਸ ਨੂੰ ਸਿਰਫ਼ ਹਰਨਾਜ਼ ਹੀ ਮਹਿਸੂਸ ਕਰ ਸਕਦੀ ਹੈ।

ਮਿਸ ਇੰਡੀਆ 2019 ਦੇ ਫਾਈਨਲ ਤੱਕ ਪਹੁੰਚੀ

ਹਰਨਾਜ਼ ਕੌਰ ਸੰਧੂ ਮਿਸ ਇੰਡੀਆ 2019 ਦੇ ਫਾਈਨਲ ਤੱਕ ਪਹੁੰਚੀ ਤੇ ਹੁਣ ਮਿਸ ਯੂਨੀਵਰਸ ਦਾ 70ਵਾਂ ਤਾਜ ਜਿੱਤਿਆ। ਉਹ ਮਿਸ ਯੂਨੀਵਰਸ 2021 ਬਣ ਚੁੱਕੀ ਹੈ। ਇਸ ਤੋਂ ਪਹਿਲਾਂ ਇਹ ਖਿਤਾਬ 1994 ਵਿੱਚ ਸੁਸ਼ਮਿਤਾ ਸੇਨ ਤੇ 2000 ਵਿੱਚ ਲਾਰਾ ਦੱਤਾ ਨੇ ਜਿੱਤਿਆ ਸੀ।

ਅਜਿਹੀ ਸਥਿਤੀ ਵਿੱਚ ਭਾਰਤ ਨੇ ਤੀਜੀ ਵਾਰ ਇਹ ਤਾਜ ਜਿੱਤਿਆ। ਮਿਸ ਯੂਨੀਵਰਸ 2021 ਦਾ ਫਾਈਨਲ 12 ਦਸੰਬਰ ਨੂੰ ਇਜ਼ਰਾਈਲ ਵਿੱਚ ਹੋਇਆ। ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਟੇਲਾ ਨੂੰ ਵੀ ਮੁਕਾਬਲੇ ਦੇ ਜੱਜਾਂ ਦੇ ਪੈਨਲ ਵਿੱਚ ਸ਼ਾਮਲ ਕੀਤਾ ਗਿਆ ਸੀ।

ਫਿਲਮਾਂ ‘ਚ ਕੰਮ ਕਰ ਚੁੱਕੀ ਹੈ ਹਰਨਾਜ਼

ਹਰਨਾਜ਼ ਕੌਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਮਾਡਲ ਵਜੋਂ ਕੀਤੀ ਸੀ। ਪੜ੍ਹਾਈ ਦੇ ਨਾਲ-ਨਾਲ ਉਹ ਐਕਟਿੰਗ ਵੀ ਕਰਦੀ ਹੈ। ਉਸ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।

ਉਹ ‘ਯਾਰਾਂ ਦੀਆਂ ਪੌਂ ਬਾਰਾਂ’ ਤੇ ‘ਬਾਈ ਜੀ ਕੁੱਟਾਂਗੇ’ ਫਿਲਮਾਂ ‘ਚ ਦੇਖੀ ਜਾ ਸਕਦੀ ਹੈ। ਹਾਲਾਂਕਿ, ਉਹ ਜੱਜ ਬਣਨਾ ਚਾਹੁੰਦੀ ਹੈ ਤੇ ਅਜੇ ਵੀ ਆਪਣੀ ਪੜ੍ਹਾਈ ਕਰ ਰਹੀ ਹੈ।

ਕਈ ਖਿਤਾਬ ਜਿੱਤ ਚੁੱਕੀ ਹੈ ਹਰਨਾਜ਼

ਮਿਸ ਯੂਨੀਵਰਸ ਬਣਨ ਤੋਂ ਪਹਿਲਾਂ ਹਰਨਾਜ਼ ਕਈ ਖਿਤਾਬ ਜਿੱਤ ਚੁੱਕੀ ਹੈ। ਹਰਨਾਜ਼ ਨੇ ਸਾਲ 2017 ‘ਚ ਟਾਈਮਜ਼ ਫਰੈੱਸ਼ ਫੇਸ ਮਿਸ ਚੰਡੀਗੜ੍ਹ, ਸਾਲ 2018 ‘ਚ ਮਿਸ ਮੈਕਸ ਐਮਰਜਿੰਗ ਸਟਾਰ, ਸਾਲ 2019 ‘ਚ ਫੈਮਿਨਾ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਿਆ ਤੇ ਹੁਣ ਮਿਸ ਯੂਨੀਵਰਸ ਇੰਡੀਆ ਦਾ ਖਿਤਾਬ ਜਿੱਤ ਕੇ ਪਰਿਵਾਰ ਤੇ ਦੇਸ਼ ਦਾ ਮਾਣ ਵਧਾਇਆ ਹੈ। ਸਾਲ 2021 ਵਿੱਚ ਹਾਲ ਹੀ ‘ਚ ਕਾਲਜ ਦੇ ਸਾਲਾਨਾ ਇਨਾਮ ਵੰਡ ਸਮਾਰੋਹ ਵਿੱਚ ਹਰਨਾਜ਼ ਨੂੰ ਦੀਵਾ ਆਫ਼ ਕਾਲਜ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਇੰਝ ਕੀਤੀ ਮਿਸ ਯੂਨੀਵਰਸ ਦੀ ਤਿਆਰੀ

ਪਬਲਿਕ ਐਡਮਨਿਸਟ੍ਰੇਸ਼ਨ ਵਿੱਚ ਮਾਸਟਰਜ਼ ਕਰ ਰਹੀ ਹਰਨਾਜ਼ ਸੰਧੂ ਨੇ ਦੱਸਿਆ ਕਿ ਉਹ ਯੋਗਾ ਤੇ ਮੈਡੀਟੇਸ਼ਨ ਬਹੁਤ ਕਰਦੀ ਹੈ। ਉਸ ਦੇ ਮਿਸ ਯੂਨੀਵਰਸ ਬਣਨ ‘ਚ ਵੀ ਦੋਵਾਂ ਨੇ ਵੱਡੀ ਭੂਮਿਕਾ ਨਿਭਾਈ। ਉਹ ਮਾਨਸਿਕ ਸਿਹਤ ਪ੍ਰਤੀ ਸੁਚੇਤ ਹੋ ਕੇ ਹੀ ਇਸ ਮੁਕਾਮ ‘ਤੇ ਪਹੁੰਚ ਸਕੀ ਹੈ।

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ