ਕਰਤਾਰਪੁਰ (ਜਲੰਧਰ)/ਚੰਡੀਗੜ੍ਹ | ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵਿਧਾਨ ਸਭਾ ਹਲਕਾ ਕਰਤਾਰਪੁਰ (ਜਲੰਧਰ) ਦੇ ਪਿੰਡ ਸਰਾਏ ਖ਼ਾਸ ਤੋਂ ‘ਮਹਿਲਾ ਸ਼ਕਤੀਕਰਨ ਮੁਹਿੰਮ’ ਦੀ ਸ਼ੁਰੂਆਤ ਕਰਦਿਆਂ ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਆਪਣੀ ਤੀਜੀ ਗਾਰੰਟੀ ਲਈ ਰਜਿਸਟ੍ਰੇਸ਼ਨ ਕਰਨ ਦਾ ਕੰਮ ਆਰੰਭ ਕੀਤਾ।
ਇਸ ਮੌਕੇ ਕੇਜਰੀਵਾਲ ਨੇ ‘ਆਪ’ ਵੱਲੋਂ ਰਜਿਸਟ੍ਰੇਸ਼ਨ ਲਈ ਜਾਰੀ ਨੰਬਰ ‘911-511-5599’ ‘ਤੇ ਮਿਸਡ ਕਾਲ ਕਰਕੇ ਇਲਾਕੇ ਦੀਆਂ ਔਰਤਾਂ ਦੀ ਤੀਜੀ ਗਾਰੰਟੀ ਲਈ ਰਜਿਸਟ੍ਰੇਸ਼ਨ ਕੀਤੀ ਤਾਂ ਜੋ ਸੂਬੇ ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪ੍ਰਾਪਤ ਹੋ ਸਕੇ। ਇਸ ਤੋਂ ਪਹਿਲਾਂ ਪਿੰਡ ਸਰਾਏ ਖ਼ਾਸ ਪਹੁੰਚੇ ਕੇ ਕੇਜਰੀਵਾਲ ਨੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਿਆ ਤੇ ਪੰਜਾਬ ਦੀ ਖ਼ੁਸ਼ਹਾਲੀ, ਚੜ੍ਹਦੀ ਕਲਾ ਤੇ ਸ਼ਾਂਤੀ ਲਈ ਅਰਦਾਸ ਕੀਤੀ।
‘ਆਪ’ ਵੱਲੋਂ ਪਿੰਡ ਸਰਾਏ ਖ਼ਾਸ ਵਿੱਚ ਕਰਵਾਏ ਸਮਾਗਮ ਵਿੱਚ ਅਰਵਿੰਦ ਕੇਜਰੀਵਾਲ ਨੇ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ, ”ਪੰਜਾਬ ਸਮੇਤ ਦੇਸ਼ ਦੀਆਂ ਔਰਤਾਂ ਬਹੁਤ ਮਿਹਨਤੀ ਹਨ। ‘ਆਪ’ ਦੀ ਸਰਕਾਰ ਵੱਲੋਂ 18 ਸਾਲ ਤੋਂ ਵੱਧ ਉਮਰ ਦੀਆਂ ਮਾਵਾਂ-ਭੈਣਾਂ ਨੂੰ 1000 ਰੁਪਏ ਦੇਣ ਨਾਲ ਉਹ ਹੋਰ ਸ਼ਕਤੀਸ਼ਾਲੀ ਤੇ ਮਜ਼ਬੂਤ ਹੋਣਗੀਆਂ।
ਪੰਜਾਬ ‘ਤੇ ਰਾਜ ਕਰਨ ਵਾਲਿਆਂ ਨੇ ਜਦੋਂ ਸੂਬੇ ਦੇ ਹਜ਼ਾਰਾਂ ਕਰੋੜਾਂ ਰੁਪਏ ਡਕਾਰ ਲਏ ਹਨ ਅਤੇ ਇਹ ਆਗੂ ਆਲਸੀ ਨਹੀਂ ਹੋਏ ਤਾਂ 1000 ਰੁਪਏ ਦੇਣ ਨਾਲ ਮੇਰੀਆਂ ਮਾਵਾਂ-ਭੈਣਾਂ (ਔਰਤਾਂ) ਕਿਵੇਂ ਆਲਸੀ ਅਤੇ ਕੰਮਚੋਰ ਹੋਣ ਜਾਣਗੀਆਂ?”
ਕੇਜਰੀਵਾਲ ਨੇ ਅੱਗੇ ਕਿਹਾ ਕਿ ਉਨਾਂ ਵੱਲੋਂ ਦਿੱਤੀ ਤੀਜੀ ਗਾਰੰਟੀ ਵਜੋਂ ਔਰਤਾਂ ਨੂੰ 1000 ਰੁਪਏ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਪਿੰਡ ਸਰਾਏ ਖ਼ਾਸ ਤੋਂ 1000 ਰੁਪਏ ਲੈਣ ਲਈ ਰਜਿਸਟ੍ਰੇਸ਼ਨ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਲਈ ਇਕ ਮੋਬਾਇਲ ਨੰਬਰ ‘911-511-5599’ ਜਾਰੀ ਕੀਤਾ ਗਿਆ ਹੈ। ਸੂਬੇ ਦੀਆਂ ਔਰਤਾਂ ਇਸ ਨੰਬਰ ‘ਤੇ ਮਿਸਡ ਕਾਲ ਕਰਕੇ ਆਪਣੇ ਨਾਂ ਤੀਜੀ ਗਾਰੰਟੀ ਲਈ ਦਰਜ ਕਰਵਾ ਸਕਦੀਆਂ ਹਨ।
ਕੇਜਰੀਵਾਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੋਸ਼ ਲਾਇਆ ਕਿ ਔਰਤਾਂ ਨੂੰ ਇਕ ਹਜ਼ਾਰ ਰੁਪਏ ਦੇਣ ਨਾਲ ਸੂਬੇ ਦੀਆਂ ਔਰਤਾਂ ਕੰਮਚੋਰ ਹੋ ਜਾਣਗੀਆਂ। ਕੀ ਇਹ ਦੋਸ਼ ਸਹੀ ਹੈ? ਇਕੱਠੀਆਂ ਹੋਈਆਂ ਔਰਤਾਂ ‘ਚੋਂ ਇਕ ਔਰਤ ਦਾ ਜਵਾਬ ਸੀ, ”ਇਕ ਹਜ਼ਾਰ ਰੁਪਏ ਮਿਲਣ ਨਾਲ ਔਰਤਾਂ ਕੰਮਚੋਰ ਨਹੀਂ ਹੋਣਗੀਆਂ, ਔਰਤਾਂ ਨੂੰ ਸਰਕਾਰ ਵੱਲੋਂ ਪੈਸੇ ਦੇਣਾ ਕੋਈ ਮੁਫ਼ਤਖ਼ੋਰੀ ਨਹੀਂ ਹੈ।”
ਦੂਜੀ ਔਰਤ ਨੇ ਕਿਹਾ, ”ਕੇਜਰੀਵਾਲ ਦੀ ਜਦੋਂ ਵੀ ਨਵੀਂ ਗਾਰੰਟੀ ਆਉਂਦੀ ਹੈ ਤਾਂ ਸੂਬੇ ਦੇ ਲੀਡਰਾਂ ਨੂੰ ਕੰਬਣੀ ਛਿੜ ਜਾਂਦੀ ਹੈ। ਇਕ ਹਜ਼ਾਰ ਦੇਣ ਨਾਲ ਖ਼ਜ਼ਾਨਾ ਖ਼ਾਲੀ ਨਹੀਂ ਹੋਣ ਲੱਗਾ।”
ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਹਿ ਇੰਚਾਰਜ ਰਾਘਵ ਚੱਢਾ, ਕੁੰਵਰ ਵਿਜੈ ਪ੍ਰਤਾਪ ਸਿੰਘ ਤੇ ਬਲਕਾਰ ਸਿੰਘ ਮੰਚ ‘ਤੇ ਬਿਰਾਜਮਾਨ ਸਨ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ







































