ਮੋਗਾ (ਤਨਮਯ)
ਪਿਛਲੇ ਦਿਨੀਂ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਵੱਲੋਂ ਕਿਸਾਨਾਂ ਪ੍ਰਤੀ ਕਹੇ ਗਏ ਅਪਸ਼ਬਦਾਂ ਨੂੰ ਲੈ ਕੇ ਕਿਸਾਨਾਂ ‘ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਜਵਾਬ ਦੇਣ ਲਈ ਅਕਸ਼ੇ ਕੁਮਾਰ ਦੀਆਂ ਸਾਰੀਆਂ ਫਿਲਮਾਂ ਦਾ ਪੰਜਾਬ ਭਰ ਦੇ ਸਿਨੇਮਾ ਘਰਾਂ ਵਿੱਚ ਵਿਰੋਧ ਕੀਤਾ ਜਾ ਰਿਹਾ ਹੈ।
ਅਕਸ਼ੇ ਕੁਮਾਰ ਦੀ ਨਵੀਂ ਫਿਲਮ ਸੂਰਿਆਵੰਸ਼ੀ ਦਾ ਅੱਜ ਪੰਜਾਬ ਭਰ ਦੇ ਸਿਨੇਮਾ ਘਰਾਂ ਵਿੱਚ ਵਿਰੋਧ ਹੋ ਰਿਹਾ ਹੈ। ਅੱਜ ਮੋਗਾ ਵਿਖੇ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲਾ ਆਗੂ ਨਿਰਮਲ ਸਿੰਘ ਦੀ ਅਗਵਾਈ ਹੇਠ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਅਕਸ਼ੇ ਕੁਮਾਰ ਦੀ ਫਿਲਮ ਦਾ ਵਿਰੋਧ ਕਰਨ ਵਾਲੇ ਸਿਨੇਮਾ ਮਾਲਕਾਂ ਨੇ ਫਿਲਮ ਸੂਰਿਆਵੰਸ਼ੀ ਦੇ ਪੋਸਟਰ ਉਤਾਰ ਕੇ ਫਿਲਮ ਬੰਦ ਕਰ ਦਿੱਤੀ ਤਾਂ ਕਿ ਮਾਹੌਲ ਸ਼ਾਂਤ ਰੱਖਿਆ ਜਾਵੇ, ਇਸ ਲਈ ਉਨ੍ਹਾਂ ਨੇ ਫਿਲਮ ਬੰਦ ਕਰ ਦਿੱਤੀ।
ਕਿਸਾਨ ਆਗੂ ਨਿਰਮਲ ਸਿੰਘ ਤੇ ਹੋਰ ਕਿਸਾਨਾਂ ਨੇ ਕਿਹਾ ਕਿ ਜਿੱਥੇ ਸਾਰੇ ਲੋਕ ਕਿਸਾਨਾਂ ਦਾ ਸਾਥ ਦੇ ਰਹੇ ਹਨ, ਉਥੇ ਹੀ ਅਕਸ਼ੈ ਕੁਮਾਰ ਨੇ ਗਲਤ ਟਿੱਪਣੀ ਕਰਕੇ ਕਿਸਾਨਾਂ ਦੇ ਦੁੱਖ-ਦਰਦ ਨੂੰ ਨਹੀਂ ਸਮਝਿਆ, ਜਿਸ ਕਾਰਨ ਕਿਸਾਨ ਵੀ ਕੋਈ ਕਾਰੋਬਾਰ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸਾਡੇ ਸਿਨੇਮਾ ਮਾਲਕਾਂ ਨੇ ਸਹਿਮਤੀ ਦੇ ਦਿੱਤੀ ਹੈ ਤੇ ਉਨ੍ਹਾਂ ਨੇ ਮੋਗਾ ਵਿੱਚ ਅਕਸ਼ੇ ਕੁਮਾਰ ਦੀ ਫਿਲਮ ਨੂੰ ਰੋਕ ਦਿੱਤਾ ਹੈ।
ਹੁਸ਼ਿਆਰਪੁਰ (ਅਮਰੀਕ ਕੁਮਾਰ)
ਅੱਜ ਹੁਸ਼ਿਆਰਪੁਰ ‘ਚ ਮਾਹੌਲ ਉਸ ਸਮੇਂ ਗਰਮਾ ਗਿਆ, ਜਦੋਂ ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਦੀ ਨਵੀਂ ਰਿਲੀਜ਼ ਹੋਈ ਫਿਲਮ ਸੂਰਿਆਵੰਸ਼ੀ ਦਾ ਕਿਸਾਨਾਂ ਨੇ ਵਿਰੋਧ ਕਰਦਿਆਂ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕਿਸਾਨਾਂ ਨੇ ਐਲਾਨ ਕੀਤਾ ਕਿ ਉਹ ਕਿਸੇ ਵੀ ਹਾਲਤ ‘ਚ ਅਕਸ਼ੇ ਕੁਮਾਰ ਦੀ ਫਿਲਮ ਨੂੰ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰੇ ਭਾਰਤ ‘ਚ ਨਹੀਂ ਚੱਲਣ ਦੇਣਗੇ।
ਸੂਚਨਾ ਮਿਲਦਿਆਂ ਹੀ ਵੱਡੀ ਗਿਣਤੀ ‘ਚ ਪੁਲਿਸ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਹਾਲਾਤ ‘ਤੇ ਕਾਬੂ ਪਾਇਆ। ਗੱਲਬਾਤ ਦੌਰਾਨ ਕਿਸਾਨਾਂ ਨੇ ਕਿਹਾ ਕਿ ਅਕਸ਼ੇ ਕੁਮਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੱਕਾ ਭਗਤ ਹੈ ਤੇ ਉਸ ਵੱਲੋਂ ਕਦੇ ਵੀ ਕਿਸਾਨਾਂ ਦੇ ਹੱਕ ‘ਚ ਕੋਈ ਬਿਆਨ ਤੱਕ ਨਹੀਂ ਦਿੱਤਾ ਗਿਆ ਸਗੋਂ ਹਮੇਸ਼ਾ ਕਿਸਾਨਾਂ ਦੇ ਖਿਲਾਫ ਜ਼ਹਿਰ ਹੀ ਉਗਲਿਆ ਹੈ, ਜਿਸ ਕਾਰਨ ਦੇਸ਼ ਭਰ ਦੇ ਕਿਸਾਨਾਂ ‘ਚ ਅਕਸ਼ੇ ਕੁਮਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਕਿਸਾਨਾਂ ਨੇ ਥਿਏਟਰ ਮਾਲਕਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਕਿਸਾਨਾਂ ਦਾ ਸਾਥ ਦੇਣ ਤੇ ਥਿਏਟਰਾਂ ‘ਚੋਂ ਅਕਸ਼ੇ ਕੁਮਾਰ ਦੀ ਫਿਲਮ ਨੂੰ ਹਟਾਉਣ।
ਬਰਨਾਲਾ (ਕਮਲਜੀਤ ਸੰਧੂ)
ਇਸੇ ਤਰ੍ਹਾਂ ਬਰਨਾਲਾ ‘ਚ ਵੀ ਅਕਸ਼ੇ ਕੁਮਾਰ ਦੀ ਫਿਲਮ ਖਿਲਾਫ ਕਿਸਾਨਾਂ ਨੇ ਰੋਸ ਪ੍ਰਦਰਸ਼ਨ ਕੀਤਾ। ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਸਿਨੇਮਾ ਹਾਲ ਦੇ ਅੱਗੇ ਅਕਸ਼ੇ ਕੁਮਾਰ ਦੀ ਫਿਲਮ ਦਾ ਪੋਸਟਰ ਪਾੜ ਕੇ ਰੋਸ ਪ੍ਰਦਰਸ਼ਨ ਕੀਤਾ।
ਧਰਨਾਕਾਰੀ ਕਿਸਾਨਾਂ ਨੇ ਕਿਹਾ ਕਿ ਉਹ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਖਿਲਾਫ਼ ਸੰਘਰਸ਼ ਲੜ ਰਹੇ ਹਨ। ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ ਨੇ ਇਨ੍ਹਾਂ ਖੇਤੀ ਕਾਨੂੰਨਾਂ ਦੀ ਵਕਾਲਤ ਕੀਤੀ ਸੀ, ਜਿਸ ਕਰਕੇ ਉਹ ਅਕਸ਼ੇ ਕੁਮਾਰ ਦੀ ਫਿਲਮ ਦਾ ਬਾਈਕਾਟ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਨਾਲ ਖੜ੍ਹਨ ਦਾ ਸਮਾਂ ਆਇਆ ਤਾਂ ਅਕਸ਼ੇ ਕੁਮਾਰ ਸਰਕਾਰ ਲਈ ਖੜ੍ਹਾ ਹੋ ਗਿਆ, ਜਿਸ ਕਰ ਕੇ ਉਹ ਅਕਸ਼ੇ ਕੁਮਾਰ ਦੀਆਂ ਫਿਲਮਾਂ ਦਾ ਬਾਈਕਾਟ ਕਰ ਰਹੇ ਹਨ।
ਇਸ ਮੌਕੇ ਓਸ਼ੀਅਨ ਮਾਲ ਦੇ ਮੈਨੇਜਰ ਨਵੀਨ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਅਕਸ਼ੇ ਕੁਮਾਰ ਦੀ ਫਿਲਮ ਨੂੰ ਲੈ ਕੇ ਕਿਸਾਨਾਂ ਦੇ ਵਿਰੋਧ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਫਿਲਮ ਨੂੰ ਹਟਾ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨ ਸਾਡਾ ਅੰਨਦਾਤਾ ਹੈ, ਅਸੀਂ ਹਮੇਸ਼ਾ ਕਿਸਾਨਾਂ ਦੇ ਨਾਲ ਹਾਂ।
ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ
- ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
- ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ
- ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
- ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ