ਪੰਜਾਬ ਸਰਕਾਰ ਵੱਲੋਂ ਸਸਤੀ ਬਿਜਲੀ ਦੇਣ ਦੀ ਪ੍ਰਕਿਰਿਆ ਸ਼ੁਰੂ, CM ਚੰਨੀ ਨੇ ਸੂਰਜੀ ਊਰਜਾ ਦੀ ਖਰੀਦ ਲਈ 500 ਮੈਗਾਵਾਟ ਦੇ ਜਾਰੀ ਕੀਤੇ 2 ਟੈਂਡਰ, ਪੜ੍ਹੋ ਕਿੰਨੀ ਸਸਤੀ ਹੋ ਸਕਦੀ ਹੈ ਬਿਜਲੀ

0
8932

ਚੰਡੀਗੜ੍ਹ | ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਰਦੇਸ਼ਾਂ ‘ਤੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪੀਐੱਸਪੀਸੀਐੱਲ) ਨੇ ਕੁੱਲ 500 ਮੈਗਾਵਾਟ ਸੂਰਜੀ ਊਰਜਾ ਦੀ ਖਰੀਦ ਲਈ 2 ਟੈਂਡਰ ਜਾਰੀ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇਥੇ ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ 250-250 ਮੈਗਾਵਾਟ ਦੀ ਸਮਰੱਥਾ ਵਾਲੇ ਇਹ 2 ਸੂਰਜੀ ਊਰਜਾ ਪ੍ਰਾਜੈਕਟ ‘ਚੋਂ ਇਕ-ਇਕ ਭਾਰਤ ਅਤੇ ਪੰਜਾਬ ਵਿੱਚ ਕਿਤੇ ਵੀ ਸਥਿਤ ਹੋਣਗੇ ਤਾਂ ਜੋ ਸੂਬੇ ਵਿੱਚ ਬਿਜਲੀ ਦੀ ਵੱਧ ਰਹੀ ਮੰਗ ਨੂੰ ਪੂਰਾ ਕੀਤਾ ਜਾ ਸਕੇ। ਦੇਸ਼ ਭਰ ਦੇ ਬੋਲੀਕਾਰਾਂ ਨੇ ਟੈਂਡਰ ਪ੍ਰਕਿਰਿਆ ਵਿੱਚ ਹਿੱਸਾ ਲਿਆ।

ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਏ. ਵੇਣੂ ਪ੍ਰਸਾਦ ਅਨੁਸਾਰ ਭਾਰਤ ਵਿੱਚ ਕਿਤੇ ਵੀ ਸਥਿਤ ਪ੍ਰਾਜੈਕਟਾਂ ਤੋਂ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਸਬੰਧੀ ਟੈਂਡਰ ਤਹਿਤ ‘ਰੀਨਿਊ ਦਿਨਕਰ ਜੋਤੀ ਪ੍ਰਾਈਵੇਟ ਲਿਮਟਿਡ’ ਨੇ 2.33 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 250 ਮੈਗਾਵਾਟ ਸੋਲਰ ਪਾਵਰ ਦੀ ਪੇਸ਼ਕਸ਼ ਕੀਤੀ ਹੈ।

ਪੰਜਾਬ ਵਿੱਚ ਕਿਤੇ ਵੀ ਸਥਿਤ ਪ੍ਰਾਜੈਕਟਾਂ ਤੋਂ 250 ਮੈਗਾਵਾਟ ਸੋਲਰ ਪਾਵਰ ਦੀ ਖਰੀਦ ਸਬੰਧੀ ਟੈਂਡਰ ਤਹਿਤ ‘ਐੱਸਜੇਵੀਐੱਨ ਲਿਮਟਿਡ’ ਨੇ 2.69 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 100 ਮੈਗਾਵਾਟ ਸੂਰਜੀ ਊਰਜਾ ਅਤੇ ‘ਐੱਸਏਈਐੱਲ ਲਿਮਟਿਡ’ ਨੇ 2.69 ਰੁਪਏ ਪ੍ਰਤੀ ਕਿਲੋਵਾਟ ਦੇ ਹਿਸਾਬ ਨਾਲ 50 ਮੈਗਾਵਾਟ ਸੋਲਰ ਪਾਵਰ ਦੀ ਪੇਸ਼ਕਸ਼ ਕੀਤੀ ਹੈ।

ਸੀਐੱਮਡੀ ਨੇ ਇਹ ਵੀ ਦੱਸਿਆ ਕਿ ਪੀਐੱਸਪੀਸੀਐੱ. ਨੇ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ (ਐੱਸਈਸੀਆਈ) ਨਾਲ ਪੀਐੱਸਏ ‘ਤੇ ਵੀ ਹਸਤਾਖਰ ਕੀਤੇ ਹਨ, ਜਿਸ ਤਹਿਤ ਇਸ ਦਸੰਬਰ ਤੋਂ ਪੀਐੱਸਪੀਸੀਐੱਲ ਨੂੰ 500 ਮੈਗਾਵਾਟ ਹਾਈਬ੍ਰਿਡ (ਸੂਰਜੀ+ਹਵਾ) ਪਾਵਰ ਪੜਾਅਵਾਰ ਉਪਲਬਧ ਹੋਵੇਗੀ ਅਤੇ ਵਿੱਤੀ ਸਾਲ 2021-22 ਦੇ ਅੰਤ ਤੱਕ ਇਸ ਦੇ ਪੂਰੀ ਤਰ੍ਹਾਂ ਉਪਲਬਧ ਹੋਣ ਦੀ ਸੰਭਾਵਨਾ ਹੈ। 

ਏ. ਵੇਣੂ ਪ੍ਰਸਾਦ ਨੇ ਦੱਸਿਆ ਕਿ ਇਸੇ ਤਰ੍ਹਾਂ ਪੀਐੱਸਪੀਸੀਐੱਲ ਨੇ ਇਸ ਦੇ 66 ਕੇਵੀ ਸਬ-ਸਟੇਸ਼ਨਾਂ ਦੀ ਖਾਲੀ ਜ਼ਮੀਨ ‘ਤੇ 140 ਮੈਗਾਵਾਟ ਦੇ ਸੋਲਰ ਪੀ.ਵੀ. ਪਾਵਰ ਪ੍ਰਾਜੈਕਟਾਂ ਦੀ ਸਥਾਪਨਾ ਲਈ ਸੀਈਐੱਸਐੱਲ (ਬਿਜਲੀ ਮੰਤਰਾਲੇ ਅਧੀਨ ਪੀਐੱਸਯੂਜ਼ ਦਾ ਇਕ ਸਾਂਝਾ ਉੱਦਮ) ਨਾਲ ਇਕ ਸਮਝੌਤਾ ਵੀ ਕੀਤਾ ਹੈ ਤਾਂ ਜੋ ਸਾਫ਼-ਸੁਥਰੀ, ਮਿਆਰੀ ਅਤੇ ਕਫ਼ਾਇਤੀ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

ਉਨ੍ਹਾਂ ਅੱਗੇ ਕਿਹਾ ਕਿ ਪੀਐੱਸਪੀਸੀਐੱਲ ਨੇ ਪਹਿਲਾਂ ਹੀ ਵੱਖ-ਵੱਖ ਪ੍ਰਾਜੈਕਟਾਂ ਤੋਂ ਲਗਭਗ 951 ਮੈਗਾਵਾਟ ਸੂਰਜੀ ਊਰਜਾ ਲਈ ਸਮਝੌਤਾ ਕੀਤਾ ਹੈ ਅਤੇ ਪੀਐੱਸਪੀਸੀਐੱਲ ਆਪਣੇ ਖਪਤਕਾਰਾਂ ਨੂੰ ਬਿਹਤਰ ਗੁਣਵੱਤਾ ਦੀ ਮਿਆਰੀ ਅਤੇ ਸਸਤੀ ਬਿਜਲੀ ਪ੍ਰਦਾਨ ਕਰਨ ਲਈ ਵਚਨਬੱਧ ਹੈ। ਇਸ ਵਾਧੇ ਦੇ ਨਾਲ ਪੀਐੱਸਪੀਸੀਐੱਲ ਦੀ ਉਤਪਾਦਨ ਸਮਰੱਥਾ 14,500 ਮੈਗਾਵਾਟ ਤੱਕ ਵੱਧ ਜਾਵੇਗੀ।