ਫਾਜ਼ਿਲਕਾ ‘ਚ ਅਣਖ ਖਾਤਰ ਡਬਲ ਮਰਡਰ : ਪ੍ਰੇਮ ਵਿਆਹ ਕਰਨ ‘ਤੇ ਮੁੰਡੇ-ਕੁੜੀ ਨੂੰ ਬੇਰਹਿਮੀ ਨਾਲ ਮਾਰ ਮੁਕਾਇਆ

0
741

ਫਾਜ਼ਿਲਕਾ | ਪੰਜਾਬ ਦੇ ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ‘ਚ ਪੈਂਦੇ ਪਿੰਡ ਸੱਪਾਂਵਾਲੀ ਵਿਖੇ ਘਰੋਂ ਭੱਜ ਕੇ ਵਿਆਹ ਕਰਵਾਉਣ ਵਾਲੇ ਪ੍ਰੇਮੀ ਜੋੜੇ ਨੂੰ ਕਤਲ ਕਰਕੇ ਦਿਨ-ਦਿਹਾੜੇ ਪਿੰਡ ਦੇ ਚੌਰਾਹੇ ਵਿੱਚ ਸੁੱਟ ਦਿੱਤਾ ਗਿਆ। ਰੌਂਗਟੇ ਖੜ੍ਹੇ ਕਰਨ ਵਾਲੀ ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਮਾਤਮ ਦਾ ਮਾਹੌਲ ਹੈ।

ਪਿੰਡ ਸੱਪਾਂਵਾਲੀ ਦੇ ਰਹਿਣ ਵਾਲੇ ਰਤਨ ਲਾਲ ਨੇ ਕਿਹਾ ਕਿ ਕਿਸੇ ਨੂੰ ਵੀ ਯਕੀਨ ਨਹੀਂ ਹੋ ਰਿਹਾ ਕਿ ਕੁਝ ਦਿਨ ਪਹਿਲਾਂ ਹੱਸਦੇ-ਖੇਡਦੇ ਇਸ ਮੁੰਡੇ-ਕੁੜੀ ਦਾ ਕਤਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਰੋਹਤਾਸ਼ ਤੇ ਸੁਮਨ ਨੂੰ ਜਿਸ ਤਰ੍ਹਾਂ ਮਾਰ ਕੇ ਗਲੀ ‘ਚ ਸੁੱਟਿਆ ਗਿਆ, ਉਸ ਦਾ ਦਰਦ ਬਿਆਨ ਕਰਨਾ ਔਖਾ ਹੈ।

ਪੁਲਿਸ ਦਾ ਕਹਿਣਾ ਹੈ ਕਿ ਅਸਲ ਵਿੱਚ ਇਸ ਨਵੇਂ ਵਿਆਹੇ ਜੋੜੇ ਨੂੰ ਜ਼ਿਲ੍ਹਾ ਮੋਗਾ ਦੇ ਪਿੰਡ ਰੌਂਤਾ ਵਿੱਚ ਕੁਝ ਲੋਕਾਂ ਨੇ ਕਥਿਤ ਤੌਰ ‘ਤੇ ਮਾਰ ਮੁਕਾਇਆ।

ਕਿਵੇਂ ਹੋਈ ਵਾਰਦਾਤ

ਵਿਆਹ ਤੋਂ ਬਾਅਦ ਰੋਹਤਾਸ਼ ਸਿੰਘ ਆਪਣੀ ਪਤਨੀ ਨੂੰ ਆਪਣੀ ਭੈਣ ਦੇ ਘਰ ਪਿੰਡ ਰੌਂਤਾ ਵਿਖੇ ਲੈ ਗਿਆ ਸੀ, ਜਿਥੋਂ ਪੁਲਿਸ ਮੁਤਾਬਕ ਉਨ੍ਹਾਂ ਨੂੰ ‘ਅਗਵਾ’ ਕੀਤਾ ਗਿਆ ਸੀ।

ਰੋਹਤਾਸ਼ ਦੇ ਜੀਜਾ ਸੁਖਦੇਵ ਸਿੰਘ ਨੇ ਜ਼ਿਲ੍ਹਾ ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ‘ਚ ਆਪਣੇ ਬਿਆਨ ਦਰਜ ਕਰਵਾਏ ਹਨ। ਸੁਖਦੇਵ ਸਿੰਘ ਦੇ ਬਿਆਨਾਂ ਮੁਤਾਬਕ ਕੁਝ ਵਿਅਕਤੀ ਐਤਵਾਰ ਦੁਪਹਿਰ ਨੂੰ ਜ਼ਬਰਦਸਤੀ ਉਸ ਦੇ ਘਰ ਦਾਖ਼ਲ ਹੋਏ ਅਤੇ ਰੋਹਤਾਸ਼ ਤੇ ਸੁਮਨ ਦੀ ਕੁੱਟਮਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ।

ਪੁਲਿਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਮੁਤਾਬਕ ਇਸ ਮਗਰੋਂ ਰੋਹਤਾਸ਼ ਤੇ ਸੁਮਨ ਦਾ ਕਤਲ ਕਰ ਦਿੱਤਾ ਗਿਆ ਤੇ ਦੋਵਾਂ ਦੀਆਂ ਲਾਸ਼ਾਂ ਪਿੰਡ ਸੱਪਾਂਵਾਲੀ ਦੇ ਚੌਰਾਹੇ ‘ਚੋਂ ਮਿਲੀਆਂ।

ਮ੍ਰਿਤਕ ਰੋਹਤਾਸ਼ ਦੀ ਮਾਂ ਸਲੋਚਨਾ ਦੇਵੀ ਨੇ ਕਿਹਾ ਕਿ ਜਿਨ੍ਹਾਂ ਨੇ ਉਸ ਦੇ ਪੁੱਤਰ ਤੇ ਨੂੰਹ ਨੂੰ ਮਾਰਿਆ ਹੈ, ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਉਨ੍ਹਾਂ ਕਿਹਾ, “ਮੇਰਾ ਤਾਂ ਜਹਾਨ ਉੱਜੜ ਗਿਆ ਹੈ, ਜਿਸ ਤਰੀਕੇ ਨਾਲ ਮੇਰੇ ਨੌਜਵਾਨ ਪੁੱਤ ਤੇ ਨੂੰਹ ਨੂੰ ਮਾਰਿਆ ਗਿਆ ਹੈ, ਉਹ ਮੈਨੂੰ ਆਖ਼ਰੀ ਸਾਹ ਤੱਕ ਇਕ ਦਰਦ ਦੇ ਰੂਪ ‘ਚ ਕੋਂਹਦਾ ਰਹੇਗਾ।”

ਮ੍ਰਿਤਕ ਮੁੰਡੇ ਦੀ ਭੈਣ ਮਮਤਾ ਰਾਣੀ ਨੇ ਦੱਸਿਆ ਕਿ ਉਸ ਦਾ ਭਰਾ ਰੋਹਤਾਸ਼ ਤੇ ਪਿੰਡ ਦੀ ਹੀ ਇਕ ਕੁੜੀ ਸੁਮਨ ਇਕ-ਦੂਜੇ ਨੂੰ ਪਿਆਰ ਕਰਦੇ ਸਨ, ਜੋ 29 ਸਤੰਬਰ ਨੂੰ ਘਰੋਂ ਚਲੇ ਗਏ ਸਨ ਤੇ ਉਨ੍ਹਾਂ ਨੇ ਦਿੱਲੀ ਵਿਖੇ ਵਿਆਹ ਕਰਵਾਉਣ ਤੋਂ ਬਾਅਦ ਅਦਾਲਤ ‘ਚ ਆਪਣਾ ਵਿਆਹ ਰਜਿਸਟਰਡ ਕਰਵਾ ਲਿਆ ਸੀ।

ਜ਼ਿਲ੍ਹਾ ਫਾਜ਼ਿਲਕਾ ਦੇ ਐੱਸਪੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਇਸ ਦੋਹਰੇ ਕਤਲ ਕਾਂਡ ਸਬੰਧੀ ਜ਼ਿਲ੍ਹਾ ਮੋਗਾ ਦੇ ਥਾਣਾ ਨਿਹਾਲ ਸਿੰਘ ਵਾਲਾ ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਜ਼ਿਲ੍ਹਾ ਫਾਜ਼ਿਲਕਾ ਤੇ ਮੋਗਾ ਦੀ ਪੁਲਿਸ ਨੇ ਦੋਸ਼ੀਆਂ ਨੂੰ ਫੜਨ ਲਈ ਬਕਾਇਦਾ ਸਪੈਸ਼ਲ ਇਨਵੈਸਟੀਗੇਸ਼ਨ ਟੀਮਾਂ ਦਾ ਗਠਨ ਕੀਤਾ ਹੈ।

ਉਧਰ, ਲਾਸ਼ਾਂ ਦਾ ਅੰਤਿਮ ਸੰਸਕਾਰ ਪਿੰਡ ਸੱਪਾਂਵਾਲੀ ਦੇ ਸ਼ਮਸ਼ਾਨਘਾਟ ‘ਚ ਕਰ ਦਿੱਤਾ ਗਿਆ। ਮ੍ਰਿਤਕ ਮੁੰਡੇ ਦੇ ਭਰਾ ਵਿਕਰਮ ਸਿੰਘ ਨੇ ਦੱਸਿਆ ਕਿ ਰੋਹਤਾਸ਼ ਤੇ ਉਸ ਦੀ ਪਤਨੀ ਸੁਮਨ ਦਾ ਇਕੋ ਸਮੇਂ ਸੰਸਕਾਰ ਕੀਤਾ ਗਿਆ ਹੈ।