ਸ਼ਹੀਦ ਮਨਦੀਪ ਸਿੰਘ ਪੰਜ ਤੱਤਾਂ ‘ਚ ਵਲੀਨ, 4 ਸਾਲ ਦੇ ਬੇਟੇ ਨੇ ਮੁੱਖ ਅਗਨੀ ਕੀਤੀ ਭੇਟ, ਸਰਕਾਰੀ ਸਨਮਾਨਾਂ ਨਾਲ ਹੋਈ ਅੰਤਿਮ ਵਿਧਾਇਗੀ

0
9775

ਗੁਰਦਾਸਪੁਰ (ਜਸਵਿੰਦਰ ਬੇਦੀ) | ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀਆਂ ਨਾਲ ਹੋਈ ਮੁੱਠਭੇੜ ਵਿੱਚ ਸ਼ਹੀਦ ਹੋਏ ਮਨਦੀਪ ਸਿੰਘ ਦੀ ਮ੍ਰਿਤਕ ਦੇਹ ਜ਼ਿਲਾ ਗੁਰਦਾਸਪੁਰ ਵਿੱਚ ਉਨ੍ਹਾਂ ਦੇ ਜੱਦੀ ਪਿੰਡ ਚੱਠਾ ਪਹੁੰਚੀ।

ਇਸ ਮੌਕੇ ਲੋਕਾਂ ਦੇ ਭਾਰੀ ਇਕੱਠ ਨੇ ਫੁੱਲਾਂ ਦੀ ਵਰਖਾ ਕੀਤੀ। ਹਰ ਅੱਖ ਨਮ ਦਿਖਾਈ ਦਿੱਤੀ। ਸੈਨਾ ਵੱਲੋਂ ਸਲਾਮੀ ਦਿੱਤੀ ਗਈ। ਸ਼ਹੀਦ ਦਾ ਅੰਤਿਮ ਸੰਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਅਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਸ਼ਹੀਦ ਮਨਦੀਪ ਸਿੰਘ ਨੂੰ ਮੁੱਖ ਅਗਨੀ ਉਨ੍ਹਾਂ ਦੇ 4 ਸਾਲ ਦੇ ਵੱਡੇ ਬੇਟੇ ਮਨਤਾਜ ਸਿੰਘ ਨੇ ਭੇਟ ਕੀਤੀ। ਸ਼ਹੀਦ ਦੀ ਪਤਨੀ ਮਨਦੀਪ ਕੌਰ, ਮਾਤਾ ਮਨਜੀਤ ਕੌਰ ਤੇ ਭਰਾ ਜਗਰੂਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਮਨਦੀਪ ਦੀ ਸ਼ਹਾਦਤ ‘ਤੇ, ਮਨਦੀਪ ਨੇ ਦੇਸ਼ ਦੀ ਖਾਤਿਰ ਅੱਤਵਾਦੀਆਂ ਨਾਲ ਹੋਈ ਮੁੱਠਭੇੜ ‘ਚ ਆਪਣੀ ਜਾਨ ਕੁਰਬਾਨ ਕਰ ਦਿੱਤੀ।

ਉਨ੍ਹਾਂ ਦਾ ਕਹਿਣਾ ਹੈ ਕਿ ਮਨਦੀਪ ਦੀ ਇੱਛਾ ਸੀ ਕਿ ਪਿੰਡ ਵਿੱਚ ਖੇਡ ਸਟੇਡੀਅਮ ਬਣੇ। ਸ਼ਹੀਦ ਦੇ ਨਾਂ ਦਾ ਗੇਟ ਬਣੇ, ਮਨਦੀਪ ਇਸ ਇੱਛਾ ਨੂੰ ਲੈ ਕੇ ਪਿੰਡ ਵਿੱਚ ਪਹਿਲਾ ਸਥਾਨ ਹਾਸਲ ਕਰ ਗਿਆ। ਸ਼ਹੀਦ ਦੀ ਪਤਨੀ ਨੇ ਕਿਹਾ ਕਿ ਉਹ ਆਪਣੇ ਦੋਵਾਂ ਪੁੱਤਰਾਂ ਨੂੰ ਵੀ ਦੇਸ਼ ਦੀ ਸੇਵਾ ਲਈ ਭਾਰਤੀ ਸੈਨਾ ਵਿੱਚ ਭੇਜਣਗੇ।

ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਕਿਹਾ ਕਿ ਬਹੁਤ ਦੁੱਖ ਦਾ ਸਮਾਂ ਹੈ, ਕੇਂਦਰ ਸਰਕਾਰ ਨੂੰ ਅੱਤਵਾਦੀਆਂ ਖਿਲਾਫ ਸਖਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ 50 ਲੱਖ ਰੁਪਏ ਦੀ ਰਾਸ਼ੀ ਤੇ ਇਕ ਮੈਂਬਰ ਨੂੰ ਨੌਕਰੀ ਦਿੱਤੀ ਜਾਏਗੀ, ਨਾਲ ਹੀ ਸ਼ਹੀਦ ਦੇ ਨਾਂ ‘ਤੇ ਪਿੰਡ ਵਿੱਚ ਗੇਟ ਅਤੇ ਖੇਡ ਸਟੇਡੀਅਮ ਵੀ ਬਣਵਾਇਆ ਜਾਏਗਾ।

ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ਬਹੁਤ ਹੀ ਦੁੱਖ ਭਰਿਆ ਮਾਹੌਲ ਹੈ। ਸਰਕਾਰਾਂ ਤੇ ਸਾਨੂੰ ਸ਼ਹੀਦ ਪਰਿਵਾਰ ਦੇ ਨਾਲ ਹਮੇਸ਼ਾ ਹੀ ਖੜ੍ਹੇ ਰਹਿਣਾ ਚਾਹੀਦਾ ਹੈ। ਹੁਣ ਪਾਕਿਸਤਾਨ ਦੇ ਨਾਲ ਇਕ ਵਾਰ ਫੈਸਲਾਕੁੰਨ ਜੰਗ ਲੜਨੀ ਚਾਹੀਦੀ ਹੈ।

ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਪ੍ਰਸ਼ਾਸਨ ਸ਼ਹੀਦ ਮਨਦੀਪ ਦੇ ਪਰਿਵਾਰ ਦੇ ਨਾਲ ਖੜ੍ਹਾ ਹੈ ਤੇ ਹਮੇਸ਼ਾ ਹੀ ਖੜ੍ਹਾ ਰਹੇਗਾ।