ਪੰਚਕੂਲਾ/ਹਰਿਆਣਾ | ਡੇਰਾ ਸੱਚਾ ਸੌਦਾ ਦੇ ਸਾਬਕਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਗਏ ਗੁਰਮੀਤ ਰਾਮ ਰਹੀਮ ਨੇ ਅਦਾਲਤ ਤੋਂ ਰਹਿਮ ਦੀ ਭੀਖ ਮੰਗੀ ਹੈ।
ਉਸ ਨੇ ਵਕੀਲ ਜ਼ਰੀਏ ਅਦਾਲਤ ਨੂੰ ਕਿਹਾ ਕਿ ਉਸ ਨੂੰ ਬਲੱਡ ਪ੍ਰੈਸ਼ਰ ਤੇ ਪੱਥਰੀ ਦੀ ਸਮੱਸਿਆ ਹੈ। ਅੱਖਾਂ ਕਮਜ਼ੋਰ ਹੋਣ ਕਾਰਨ ਘੱਟ ਦਿਸਦਾ ਹੈ। ਅਜਿਹੇ ’ਚ ਉਸ ਨੂੰ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ।
ਹਾਲਾਂਕਿ, ਦੂਸਰੇ ਪੱਖ ਨੇ ਇਸ ਦਾ ਵਿਰੋਧ ਕੀਤਾ ਅਤੇ ਵੱਧ ਤੋਂ ਵੱਧ ਸਜ਼ਾ ਸੁਣਾਏ ਜਾਣ ਦੀ ਮੰਗ ਕੀਤੀ। ਉਧਰ ਇਸ ਮਾਮਲੇ ‘ਚ ਮੰਗਲਵਾਰ ਨੂੰ ਸਜ਼ਾ ’ਤੇ ਫ਼ੈਸਲਾ ਨਹੀਂ ਹੋ ਸਕਿਆ। ਹੁਣ 18 ਅਕਤੂਬਰ ਨੂੰ ਸੁਣਵਾਈ ਹੋਵੇਗੀ।
ਸਜ਼ਾ ਨੂੰ ਲੈ ਕੇ ਮੰਗਲਵਾਰ ਸੀਬੀਆਈ ਦੀ ਵਿਸ਼ੇਸ਼ ਅਦਾਲਤ ’ਚ ਸੀਬੀਆਈ ਤੇ ਬਚਾਅ ਪੱਖ ਵੱਲੋਂ ਬਹਿਸ ਕੀਤੀ ਗਈ। ਇਸ ਦੌਰਾਨ ਰਾਮ ਰਹੀਮ ਦੇ ਵਕੀਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਲ ਨੂੰ ਬਲੱਡ ਪ੍ਰੈਸ਼ਰ ਤੇ ਪੱਥਰੀ ਦੀ ਸਮੱਸਿਆ ਹੈ, ਉਸ ਨੂੰ ਘੱਟ ਦਿਸਦਾ ਹੈ। ਡੇਰਾ ਸੱਚਾ ਸੌਦਾ ਮੁਖੀ ਵੱਲੋਂ ਕੀਤੇ ਸਮਾਜਿਕ ਕੰਮਾਂ ਨੂੰ ਧਿਆਨ ‘ਚ ਰੱਖ ਕੇ ਘੱਟ ਤੋਂ ਘੱਟ ਸਜ਼ਾ ਦਿੱਤੀ ਜਾਵੇ।
ਸੀਬੀਆਈ ਦੇ ਵਕੀਲ ਐੱਚਪੀਐੱਸ ਵਰਮਾ ਨੇ ਕਿਹਾ ਕਿ ਧਾਰਾ 302 ਤਹਿਤ ਜਿੰਨੀ ਸਜ਼ਾ ਮਿਲਣੀ ਹੁੰਦੀ ਹੈ, ਉਹ ਗੁਰਮੀਤ ਨੂੰ ਹੋਣੀ ਚਾਹੀਦੀ ਹੈ ਕਿਉਂਕਿ ਉਸ ਵੱਲੋਂ ਕੀਤਾ ਗਿਆ ਅਪਰਾਧ ਬਹੁਤ ਵੱਡਾ ਹੈ।