ਅਮਿਤ ਸ਼ਾਹ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਦਾ ਵੱਡਾ ਬਿਆਨ, “ਹੁਣ ਨਹੀਂ ਰਹਾਂਗਾ ਕਾਂਗਰਸ ’ਚ, ਹੋਰ ਬੇਇੱਜ਼ਤੀ ਬਰਦਾਸ਼ਤ ਨਹੀਂ”

0
13011

ਨਵੀਂ ਦਿੱਲੀ | ਪੰਜਾਬ ‘ਚ ਜਾਰੀ ਸਿਆਸੀ ਭੂਚਾਲ ਰੁਕਣ ਦਾ ਨਾਂ ਨਹੀਂ ਲੈ ਰਿਹਾ। ਵੀਰਵਾਰ ਨੂੰ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਕੈਪਟਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਹੁਣ ਕਾਂਗਰਸ ਪਾਰਟੀ ਵਿੱਚ ਨਹੀਂ ਰਹਿਣਗੇ।

ਉਨ੍ਹਾਂ ਦਾ ਕਹਿਣਾ ਹੈ ਕਿ ਮੈਂ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ ਕਿ ਉਹ ਇਸ ਤਰ੍ਹਾਂ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦੇ, ਜਿਸ ਤਰ੍ਹਾਂ ਦਾ ਮੇਰੇ ਨਾਲ ਵਿਵਹਾਰ ਹੋਇਆ ਹੈ, ਉਹ ਠੀਕ ਨਹੀਂ ਹੈ।

ਇਕ ਨਿੱਜੀ ਟੀਵੀ ਚੈਨਲ ਨੂੰ ਦਿੱਤੇ ਗਏ ਇੰਟਰਵਿਊ ਵਿੱਚ ਕੈਪਟਨ ਨੇ ਕਿਹਾ, ”ਜਿਸ ਤਰ੍ਹਾਂ ਨਾਲ ਵਿਧਾਇਕ ਦਲ ਦੀ ਮੀਟਿੰਗ ਸੱਦ ਕੇ ਐਨ ਮੌਕੇ ’ਤੇ ਮੈਨੂੰ ਜਾਣਕਾਰੀ ਦਿੱਤੀ ਗਈ, ਮੈਂ ਉਦੋਂ ਹੀ ਸਾਫ਼ ਤੌਰ ’ਤੇ ਕਹਿ ਦਿੱਤਾ ਸੀ ਕਿ ਮੈਂ ਅਹੁਦਾ ਛੱਡ ਰਿਹਾ ਹਾਂ, ਜੇ ਕਿਸੇ ਨੂੰ ਮੇਰੇ ‘ਤੇ ਵਿਸ਼ਵਾਸ ਨਹੀਂ ਹੈ ਤਾਂ ਮੇਰੇ ਰਹਿਣ ਦਾ ਕੀ ਫਾਇਦਾ।”

ਕੈਪਟਨ ਨੇ ਕਿਹਾ ਕਿ ਉਹ ਭਾਵੇਂ ਹੀ ਪੰਜਾਬ ਦੇ ਮੁੱਖ ਮੰਤਰੀ ਨਹੀਂ ਹਨ ਪਰ ਪੰਜਾਬ ਅਜੇ ਵੀ ਉਨ੍ਹਾਂ ਦਾ ਹੀ ਹੈ। ਇਸ ਲਈ ਹੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਮੁਲਾਕਾਤ ਕੀਤੀ ਹੈ।

ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕੈਪਟਨ ਨੇ ਕਿਹਾ ਕਿ ਉਹ ਟੀਮ ਪਲੇਅਰ ਨਹੀਂ ਹੈ, ਪੰਜਾਬ ਕਾਂਗਰਸ ਦੇ ਪ੍ਰਧਾਨ ਦੇ ਅਹੁਦੇ ਲਈ ਟੀਮ ਪਲੇਅਰ ਦੀ ਲੋੜ ਹੈ। ਕੈਪਟਨ ਨੇ ਇਸ ਗੱਲ ਨੂੰ ਸਵੀਕਾਰਿਆ ਕਿ ਪੰਜਾਬ ਵਿੱਚ ਕਾਂਗਰਸ ਦੀ ਲੋਕਪ੍ਰਿਯਤਾ ਘੱਟ ਰਹੀ ਹੈ ਤੇ ਆਮ ਆਦਮੀ ਪਾਰਟੀ ਦਾ ਗ੍ਰਾਫ਼ ਉਪਰ ਜਾ ਰਿਹਾ ਹੈ।