ਭਰਾ ਨੇ 2.35 ਕਰੋੜ ਵਾਪਸ ਨਾ ਕੀਤੇ ਤਾਂ ਕੱਪੜਾ ਵਪਾਰੀ ਨੇ ਜ਼ਹਿਰ ਖਾ ਕੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਕੀਤਾ ਖੁਲਾਸਾ

0
1453

ਬੁੱਢਲਾਡਾ | ਸ਼ਹਿਰ ਦੇ ਕੱਪੜਾ ਵਪਾਰੀ ਨੇ ਆਪਣੇ ਵੱਡੇ ਭਰਾ ਕੱਪੜਾ ਵਪਾਰੀ ਤੋਂ ਆਪਣੀ ਕਰੋੜਾਂ ਦੀ ਰਾਸ਼ੀ ਮੰਗਣ, ਉਸ ਦੇ ਭਰਾ ਵੱਲੋਂ ਬੁਰਾ-ਭਲਾ ਬੋਲਣ ਤੇ ਗਲਤ ਵਤੀਰਾ ਕਰਨ ਤੋਂ ਤੰਗ ਆ ਕੇ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ।

ਮ੍ਰਿਤਕ ਸੰਜੇ ਕੁਮਾਰ ਦੀ ਪਤਨੀ ਊਸ਼ਾ ਰਾਣੀ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਰੇਲਵੇ ਸਟੇਸ਼ਨ ਬੁੱਢਲਾਡਾ ਨੇੜੇ ਉਸ ਦੇ ਪਤੀ ਦਾ ਜੈਨ ਕਲਾਥ ਹਾਊਸ ਹੈ, ਜਿਸ ਨੇ ਆਪਣੇ ਵੱਡੇ ਭਰਾ ਯਾਦਵਿੰਦਰ ਸ਼ਰਮਾ ਤੋਂ 2 ਕਰੋੜ 35 ਲੱਖ ਰੁਪਏ ਲੈਣੇ ਸਨ। ਪੈਸੇ ਦੇਣ ਦੀ ਬਜਾਏ ਉਹ ਬੁਰਾ-ਭਲਾ ਬੋਲਦਾ ਤੇ ਇਨ੍ਹਾਂ ਦੀ ਮਦਦ ਜੇਠ ਦਾ ਦੋਸਤ ਰਿੰਕੂ ਰਾਮਪੁਰਾ ਕਰਦਾ ਸੀ, ਜਿਸ ਕਾਰਨ ਮੇਰਾ ਪਤੀ ਪ੍ਰੇਸ਼ਾਨ ਰਹਿੰਦਾ ਸੀ।

ਬੀਤੀ ਸ਼ਾਮ ਮੇਰਾ ਪਤੀ ਅਚਾਨਕ ਘਰੋਂ ਆਪਣੀ ਕਾਰ ਲੈ ਕੇ ਚਲਾ ਗਿਆ। ਉਨ੍ਹਾਂ ਦੀ ਭਾਲ ਕਰਨ ‘ਤੇ ਉਨ੍ਹਾਂ ਦੀ ਕਾਰ ਹੋਲੀ ਹਾਰਟ ਸਕੂਲ ਬੱਛੋਆਣਾ ਰੋਡ ‘ਤੇ ਮਿਲੀ, ਜਿਸ ਵਿੱਚ ਮੇਰਾ ਪਤੀ ਚਾਲਕ ਸੀਟ ‘ਤੇ ਪਿਆ ਸੀ, ਜਦੋਂ ਅਸੀਂ ਦੇਖਿਆ ਤਾਂ ਉਸ ਦੀ ਹਾਲਤ ਠੀਕ ਨਹੀਂ ਸੀ, ਜਿਸ ਨੂੰ ਅਸੀਂ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿਥੇ ਡਾਕਟਰਾਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਪੀੜਤਾ ਨੇ ਦੱਸਿਆ ਕਿ ਮ੍ਰਿਤਕ ਪਤੀ ਦੀ ਜੇਬ ‘ਚੋਂ 2 ਪੇਜ ਦਾ ਸੁਸਾਈਡ ਨੋਟ ਮਿਲਿਆ, ਜਿਸ ਵਿੱਚ ਉਨ੍ਹਾਂ ਆਪਣੇ ਭਰਾ ਯਾਦਵਿੰਦਰ ਤੇ ਉਸ ਦੇ 3 ਲੜਕਿਆਂ ਰੋਹਿਤ, ਰਾਹੁਲ, ਆਸ਼ੂ ਤੇ ਰਿੰਕੂ ਰਾਮਪੁਰਾ ਦਾ ਜ਼ਿਕਰ ਕੀਤਾ ਤੇ ਕਿਹਾ ਕਿ 2 ਕਰੋੜ 35 ਲੱਖ ਰੁਪਏ ਯਾਦਵਿੰਦਰ ਤੋਂ ਲੈਣੇ ਹਨ, ਜਿਸ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਰਿਹਾ ਹਾਂ।

ਪੁਲਿਸ ਨੇ ਮ੍ਰਿਤਕ ਦੀ ਪਤਨੀ ਊਸ਼ਾ ਤੇ ਪੁੱਤਰ ਮੋਹਿਤ ਦੇ ਬਿਆਨ ‘ਤੇ ਯਾਦਵਿੰਦਰ ਸਮੇਤ ਉਸ ਦੇ 3 ਪੁੱਤਰਾਂ ਤੇ ਦੋਸਤ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤੀ ਹੈ।