ਚੰਡੀਗੜ੍ਹ | ਮੋਹਾਲੀ ਏਅਰਪੋਰਟ ਤੋਂ ਅੰਤਰਰਾਸ਼ਟਰੀ ਕਾਰਗੋ ਵਿਵਸਥਾ ਜਲਦ ਸ਼ੁਰੂ ਹੋਣ ਦੇ ਐਲਾਨ ਤੋਂ ਬਾਅਦ ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਖੁਸ਼ਖ਼ਬਰੀ ਆਈ ਹੈ। ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਤੋਂ ਅੱਜ 8 ਸਤੰਬਰ ਤੋਂ ਰੋਮ (Amritsar to Rome) ਲਈ ਸਿੱਧੀ ਉਡਾਣ ਸ਼ੁਰੂ ਕੀਤੀ ਜਾ ਰਹੀ ਹੈ।
ਇਹ ਉਡਾਣ ਸੇਵਾ ਏਅਰ ਇੰਡੀਆ ਵੱਲੋਂ ਲਾਂਚ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਯੂਕੇ ਦੇ ਲੰਡਨ ਹੀਥਰੋ ਅਤੇ ਬਰਮਿੰਘਮ ਹਵਾਈ ਅੱਡੇ ਲਈ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਹੋ ਚੁੱਕੀਆਂ ਹਨ।
ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ
ਇਹ ਉਡਾਣ ਸ਼ੁਰੂ ਹੋਣ ਨਾਲ ਇਟਲੀ ‘ਚ ਵਸਦੇ ਪੰਜਾਬੀ ਭਾਈਚਾਰੇ ਨੂੰ ਵੱਡੀ ਰਾਹਤ ਮਿਲਣੀ ਹੈ। ਕੋਰੋਨਾ ਕਰਕੇ ਇਟਲੀ ਸਰਕਾਰ ਵੱਲੋਂ ਸਿੱਧੀਆਂ ਉਡਾਣਾਂ ‘ਤੇ ਪਾਬੰਦੀ ਕਾਰਨ ਭਾਰਤ ਵਿੱਚ ਫਸੇ ਪੰਜਾਬੀ ਭਾਈਚਾਰੇ ਦੇ ਇਟਲੀ ਵਾਸੀਆਂ ਲਈ ਇਹ ਵੱਡੀ ਰਾਹਤ ਹੈ।
ਰੋਕਾਂ ਕਾਰਨ ਵਧੇਰੇ ਕਿਰਾਇਆ ਦੇ ਕੇ ਯੂਰਪ ਦੀਆਂ ਉਡਾਣਾਂ ਕਾਰਨ ਵਧੇਰੇ ਸਮੇਂ ਵਿੱਚ ਇਟਲੀ ਜਾਣਾ ਔਖਾ ਸੀ ਪਰ ਹੁਣ ਸਿੱਧੀ ਉਡਾਣ ਕਾਰਨ ਜਿਥੇ ਕਿਰਾਏ ਦੀ ਬੱਚਤ ਹੋਵੇਗੀ, ਉਥੇ ਹੀ ਬਹੁਤ ਘੱਟ ਸਮੇਂ ਵਿੱਚ ਮੰਜ਼ਿਲ ਤੱਕ ਪਹੁੰਚਿਆ ਜਾ ਸਕੇਗਾ।
ਉਡਾਣ ਦਾ ਸਮਾਂ
ਹੁਣ ਲੋਕ ਇਟਲੀ ਤੋਂ ਸਿੱਧੇ ਪੰਜਾਬ ਆ ਤੇ ਜਾ ਸਕਣਗੇ। ਏਅਰ ਇੰਡੀਆ ਦੀ ਵੈੱਬਸਾਈਟ ‘ਤੇ ਇਸ ਉਡਾਣ ਵਾਸਤੇ ਬੁਕਿੰਗ ਵੀ ਕੀਤੀ ਜਾ ਰਹੀ ਹੈ। ਏਅਰ ਇੰਡੀਆ ਦੀ ਇਹ ਉਡਾਣ ਹਰ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਦੁਪਹਿਰ 3:55 ਵਜੇ ਉਡਾਣ ਭਰੇਗੀ ਅਤੇ ਉਸੇ ਰਾਤ ਨੂੰ ਰੋਮ ਪੁੱਜੇਗੀ।
ਅਗਲੇ ਦਿਨ ਵੀਰਵਾਰ ਨੂੰ ਇਹੀ ਉਡਾਣ ਵਾਪਸੀ ਲਈ ਸ਼ਾਮ 7:00 ਵਜੇ ਰੋਮ ਤੋਂ ਰਵਾਨਾ ਹੋਵੇਗੀ ਅਤੇ ਸ਼ੁੱਕਰਵਾਰ ਸਵੇਰੇ 5:35 ਵਜੇ ਅੰਮ੍ਰਿਤਸਰ ਪਹੁੰਚੇਗੀ। ਏਅਰ ਇੰਡੀਆ ਇਸ ਰੂਟ ‘ਤੇ ਬੋਇੰਗ 787 ਡ੍ਰੀਮਲਾਈਨ ਜਹਾਜ਼ ਦੀ ਵਰਤੋਂ ਕਰੇਗੀ।
(ਨੋਟ –ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)







































