ਚੰਡੀਗੜ੍ਹ | ਹਰਿਆਣਾ ‘ਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੌਰਾਨ 10 ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਉਦੋਂ ਵਾਪਰੀ, ਜਦੋਂ ਕਿਸਾਨ ਕਰਨਾਲ ‘ਚ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਜਾ ਰਹੇ ਸਨ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਇਸ ਪ੍ਰੋਗਰਾਮ ਤੋਂ ਪਹਿਲਾਂ ਉੱਥੋਂ ਦੇ ਉਪ ਮੰਡਲ ਮੈਜਿਸਟਰੇਟ (SDM) ਨੇ ਆਦੇਸ਼ ਦਿੱਤਾ ਸੀ ਕਿ ਜੇ ਕੋਈ ਉਨ੍ਹਾਂ ਦੇ ਨੇੜੇ ਆਉਂਦਾ ਹੈ ਤਾਂ ਉਸ ਦਾ ਸਿਰ ਪਾੜ ਦਿੱਤਾ ਜਾਵੇ।
ਪੁਲਿਸ ਨੇ ਕਿਸਾਨਾਂ ਨੂੰ ਫਿਰ ਬੇਰਹਿਮੀ ਨਾਲ ਮਾਰਿਆ, ਵਹਿਸ਼ੀਆਨਾ ਢੰਗ ਨਾਲ ਲਾਠੀਆਂ ਚਲਾਈਆਂ। ਬਾਅਦ ਵਿੱਚ ਜਦੋਂ ਮਾਮਲਾ ਭਖ ਗਿਆ ਤਾਂ ਆਈਏਐੱਸ ਅਧਿਕਾਰੀ ਨੂੰ ਸਪੱਸ਼ਟੀਕਰਨ ਦੇਣਾ ਪਿਆ। ਜਾਣਕਾਰੀ ਅਨੁਸਾਰ ਰਾਜ ਸਰਕਾਰ ਫਿਲਹਾਲ ਉਨ੍ਹਾਂ ਦੀ ਵਿਆਖਿਆ ਤੋਂ ਸੰਤੁਸ਼ਟ ਹੈ।
2018 ਬੈਚ ਦੇ ਆਈਏਐੱਸ ਅਧਿਕਾਰੀ ਸਿਨ੍ਹਾ ਨੇ ਕੈਮਰੇ ਸਾਹਮਣੇ ਪੁਲਿਸ ਵਾਲਿਆਂ ਨੂੰ ਇਹ ਗੱਲਾਂ ਕਹੀਆਂ ਸਨ। ਪੁਲਿਸ ਕਰਮਚਾਰੀਆਂ ਨੂੰ ਨਿਰਦੇਸ਼ ਦਿੰਦਿਆਂ ਵੀਡੀਓ ਵੀ ਸਾਹਮਣੇ ਆਇਆ, ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ।
ਉਸ ਨੂੰ ਇਸ ਵਿੱਚ ਇਹ ਕਹਿੰਦੇ ਹੋਏ ਵੇਖਿਆ ਗਿਆ ਸੀ, “ਚੁੱਕ-ਚੁੱਕ ਕੇ ਮਾਰਿਓ ਪਿੱਛੇ ਸਾਰਿਆਂ ਦੇ। ਅਸੀਂ ਉਨ੍ਹਾਂ ਨੂੰ ਸੁਰੱਖਿਆ ਘੇਰਾ ਪਾਰ ਨਹੀਂ ਕਰਨ ਦੇਵਾਂਗੇ। ਸਾਡੇ ਕੋਲ ਲੋੜੀਂਦੀ ਸੁਰੱਖਿਆ ਫੋਰਸ ਹੈ। ਅਸੀਂ 2 ਦਿਨਾਂ ਤੋਂ ਨਹੀਂ ਸੁੱਤੇ ਪਰ ਤੁਸੀਂ ਲੋਕ ਇੱਥੇ ਕੁਝ ਨੀਂਦਰ ਲੈ ਕੇ ਆਏ ਹੋ… ਇਕ ਵੀ ਬੰਦਾ ਨਿਕਲ ਕੇ ਨਾ ਜਾਵੇ। ਜੇ ਕੋਈ ਆਵੇ ਤਾਂ ਉਸ ਦਾ ਸਿਰ ਪਾਟਣਾ ਚਾਹੀਦਾ ਹੈ। ਕੀ ਤੁਹਾਨੂੰ ਸਮਝ ਆ ਗਿਆ?’’
ਉਧਰ ਸੰਯੁਕਤ ਕਿਸਾਨ ਮੋਰਚਾ ਨੇ ਸਿਨ੍ਹਾ ਦੀ ਮੁਅੱਤਲੀ ਦੀ ਮੰਗ ਕੀਤੀ ਹੈ, ਜਦੋਂਕਿ ਭਾਜਪਾ ਸ਼ਾਸਤ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਆਈਏਐੱਸ ਅਧਿਕਾਰੀ ਦੀ ਟਿੱਪਣੀ ‘ਤੇ ਕੋਈ ਬਿਆਨ ਦੇਣ ਤੋਂ ਗੁਰੇਜ਼ ਕੀਤਾ। ਕੁਝ ਨੇ ਸਪੱਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ “ਅਧਿਕਾਰੀ ਨੇ ਕੁਝ ਵੀ ਗਲਤ ਨਹੀਂ ਕਿਹਾ। ਉਹ ਅਜਿਹੇ ਦਬਾਅ ਦੇ ਸਮੇਂ ਵਿੱਚ ਆਪਣੀ ਡਿਊਟੀ ਕਰ ਰਿਹਾ ਸੀ।”
ਸੂਤਰਾਂ ਨੇ ਦੱਸਿਆ ਕਿ ਸਿਨ੍ਹਾ ਨਾਲ ਮੁੱਖ ਮੰਤਰੀ ਦਫਤਰ ਨੇ ਵੀ ਸੰਪਰਕ ਕੀਤਾ ਤੇ ਫਿਲਹਾਲ ਉਨ੍ਹਾਂ ਦਾ ਸਪੱਸ਼ਟੀਕਰਨ “ਤਸੱਲੀਬਖਸ਼” ਪਾਇਆ। ਹਰਿਆਣਾ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਮੁਖੀ ਗੁਰਨਾਮ ਸਿੰਘ ਚੜੂਨੀ ਨੇ ਦੋਸ਼ ਲਾਇਆ ਕਿ ਪੁਲਿਸ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ।
ਸੀਨੀਅਰ ਕਾਂਗਰਸੀ ਆਗੂ ਕਿਰਨ ਚੌਧਰੀ ਨੇ ਸ਼ਨੀਵਾਰ ਨੂੰ ਕਰਨਾਲ ਵਿੱਚ ਕਿਸਾਨਾਂ ‘ਤੇ ਹੋਏ ਲਾਠੀਚਾਰਜ ਦੀ ਸਖਤ ਨਿੰਦਾ ਕੀਤੀ ਤੇ ਇਸ ਨੂੰ ਸਰਕਾਰ ਦਾ ਹੰਕਾਰ ਕਰਾਰ ਦਿੱਤਾ।
ਇਸ ਦੌਰਾਨ ਕਾਂਗਰਸ ਨੇ ਹਰਿਆਣਾ ਵਿੱਚ ਕਿਸਾਨਾਂ ‘ਤੇ ਲਾਠੀਚਾਰਜ ਦੀ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਨੂੰ ਜਨਰਲ ਡਾਇਰ ਦੀ ਯਾਦ ਦਿਵਾਉਂਦਾ ਹੈ ਤੇ ਕਿਸਾਨਾਂ ‘ਤੇ ਕੀਤਾ ਗਿਆ ਇਹ ਲਾਠੀਚਾਰਜ ਭਾਜਪਾ ਸਰਕਾਰ ਦੇ ਤਾਬੂਤ ਵਿੱਚ ਕਿੱਲ ਸਿੱਧ ਹੋਵੇਗਾ।
ਕਿਸਾਨ ਹਰਿਆਣਾ ਵਿੱਚ ਭਾਜਪਾ-ਜੇਜੇਪੀ ਗਠਜੋੜ ਦੇ ਕਈ ਜਨਤਕ ਪ੍ਰੋਗਰਾਮਾਂ ਦਾ ਵਿਰੋਧ ਕਰ ਰਹੇ ਹਨ। ਬੀਕੇਯੂ ਦੇ ਸੱਦੇ ‘ਤੇ ਬਹੁਤ ਸਾਰੇ ਕਿਸਾਨ ਕਰਨਾਲ ਨੇੜੇ ਬਸਤਾਰਾ ਟੋਲ ਪਲਾਜ਼ਾ ‘ਤੇ ਇਕੱਠੇ ਹੋਏ ਸਨ।