ਨਸ਼ੇ ਕਰਨ ਤੋਂ ਰੋਕਣਾ ਪੁੱਤ ਨੂੰ ਪਿਆ ਮਹਿੰਗਾ, ਨਸ਼ੇੜੀ ਪਿਓ ਨੇ ਗੋਲੀ ਮਾਰ ਕੇ ਉਤਾਰਿਆ ਮੌਤ ਦੇ ਘਾਟ

0
1930

ਫਿਰੋਜ਼ਪੁਰ | ਪਿੰਡ ਰੁਕਨਾ ਬੇਗੂ ‘ਚ ਇਕ ਨਸ਼ੇੜੀ ਪਿਓ ਨੇ ਆਪਣੇ ਹੀ 23 ਸਾਲਾ ਪੁੱਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਬੇਟਾ ਅਸਲ ‘ਚ ਪਿਓ ਨੂੰ ਨਸ਼ੇ ਕਰਨ ਤੋਂ ਰੋਕਦਾ ਸੀ ਤੇ ਇਹ ਗੱਲ ਪਿਓ ਨੂੰ ਚੰਗੀ ਨਾ ਲੱਗੀ।

ਪਿਓ-ਪੁੱਤ ‘ਚ ਅਕਸਰ ਇਸ ਕਾਰਨ ਝਗੜਾ ਹੁੰਦਾ ਰਹਿੰਦਾ ਸੀ। ਥਾਣਾ ਕੁਲਗੜ੍ਹੀ ਨੇ ਸ਼ਨੀਵਾਰ ਮ੍ਰਿਤਕ ਦੀ ਮਾਂ ਦੇ ਬਿਆਨਾਂ ਦੇ ਆਧਾਰ ‘ਤੇ ਆਰੋਪੀ ਪਿਓ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਸ਼ੁੱਕਰਵਾਰ ਰਾਤ ਕਰੀਬ 9.30 ਵਜੇ ਵਾਪਰੀ। ਆਰੋਪੀ ਫਰਾਰ ਹੈ। ਮ੍ਰਿਤਕ ਸਾਵਣ ਸਿੰਘ (23) ਦੀ ਮਾਂ ਪਰਮਜੀਤ ਕੌਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਦੱਸਿਆ ਕਿ ਉਸ ਦਾ ਪਤੀ ਬੋਹੜ ਸਿੰਘ ਨਸ਼ੇ ਦਾ ਆਦੀ ਸੀ। ਸਾਵਣ ਆਪਣੇ ਪਿਤਾ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ ਤੇ ਇੰਝ ਰੋਜ਼ਾਨਾ ਹੀ ਦੋਵਾਂ ਵਿਚਾਲੇ ਝਗੜਾ ਹੁੰਦਾ ਸੀ।

ਸ਼ੁੱਕਰਵਾਰ ਰਾਤ ਨੂੰ ਵੀ ਬੋਹੜ ਸਿੰਘ ਸ਼ਰਾਬੀ ਹੋ ਕੇ ਘਰ ਪਹੁੰਚਿਆ ਤੇ ਉਸ ਨੇ ਟੀ ਵੀ ਵੇਖ ਰਹੇ ਆਪਣੇ ਪੁੱਤ ‘ਤੇ ਆਪਣੀ ਲਾਇਸੈਂਸੀ ਬੰਦੂਕ ਨਾਲ ਗੋਲੀ ਚਲਾ ਦਿੱਤੀ। ਪਰਿਵਾਰਕ ਮੈਂਬਰ ਲਹੂ-ਲੁਹਾਨ ਸਾਵਣ ਨੂੰ ਹਸਪਤਾਲ ਲਿਜਾ ਰਹੇ ਸਨ ਕਿ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ।

ਥਾਣਾ ਕੁਲਗੜ੍ਹੀ ਦੇ ਇੰਚਾਰਜ ਅਭਿਨਵ ਚੌਹਾਨ ਨੇ ਦੱਸਿਆ ਕਿ ਮ੍ਰਿਤਕ ਦੀ ਮਾਂ ਦੇ ਬਿਆਨਾਂ ‘ਤੇ ਬੋਹੜ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)