ਇਮਰਾਨ ਖਾਨ | ਜਲੰਧਰ
ਜਲੰਧਰ-ਦਿੱਲੀ ਨੈਸ਼ਨਲ ਹਾਈਵੇ ‘ਤੇ ਲੱਗਾ ਕਿਸਾਨਾਂ ਦਾ ਧਰਨਾ ਫਿਲਹਾਲ ਇਸੇ ਤਰ੍ਹਾਂ ਜਾਰੀ ਰਹੇਗਾ। ਕਿਸਾਨਾਂ ਦੀ ਐਤਵਾਰ ਨੂੰ 12 ਵਜੇ ਸਰਕਾਰ ਨਾਲ ਮੀਟਿੰਗ ਹੋਵੇਗੀ। ਮੀਟਿੰਗ ਵਿੱਚ ਜੇਕਰ ਕੋਈ ਸਿੱਟਾ ਨਾ ਨਿਕਲਿਆ ਤਾਂ ਮੰਗਲਵਾਰ ਤੋਂ ਕਿਸਾਨ ਪੂਰਾ ਪੰਜਾਬ ਬੰਦ ਕਰਾਉਣਗੇ।
ਕਿਸਾਨ ਆਗੂ ਮਨਜੀਤ ਸਿੰਘ ਰਾਏ ਨੇ ਦੱਸਿਆ ਕਿ ਐਤਵਾਰ ਨੂੰ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਹੋਰਾਂ ਨਾਲ ਮੀਟਿੰਗ ਹੋਵੇਗੀ। ਉਦੋਂ ਤੱਕ ਜਲੰਧਰ ਵਾਲਾ ਮੋਰਚਾ ਜਾਰੀ ਰਹੇਗਾ। ਕਿਸਾਨ ਇਸੇ ਤਰ੍ਹਾਂ ਟ੍ਰੇਨਾਂ ਦੀਆਂ ਪਟਰੀਆਂ ਉੱਤੇ ਡਟੇ ਰਹਿਣਗੇ। ਜੇਕਰ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਹੁੰਦਾ ਤਾਂ ਸੋਮਵਾਰ ਦਾ ਦਿਨ ਛੱਡ ਕੇ ਮੰਗਲਵਾਰ ਨੂੰ ਪੂਰਾ ਪੰਜਾਬ ਬੰਦ ਕਰਾਂਗੇ।
ਪਹਿਲਾਂ ਕਿਸਾਨਾਂ ਨੇ ਐਤਵਾਰ ਤੋਂ ਪੂਰਾ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਸੀ ਪਰ ਰੱਖੜੀ ਦੇ ਤਿਉਹਾਰ ਨੂੰ ਵੇਖਦੇ ਹੋਏ ਪੰਜਾਬ ਬੰਦ ਦੀ ਕਾਲ ਨੂੰ ਦੋ ਦਿਨ ਅੱਗੇ ਕਰ ਦਿੱਤਾ ਗਿਆ ਹੈ।
ਜਲੰਧਰ ਮੋਰਚੇ ਦੀ ਅਗਵਾਈ ਕਰ ਰਹੇ ਮਨਜੀਤ ਰਾਏ ਨੇ ਕਿਹਾ ਕਿ ਭੈਣਾਂ ਨੂੰ ਰੱਖੜੀ ਦੌਰਾਨ ਕਿਤੇ ਆਉਣ-ਜਾਣ ਵਿੱਚ ਹੋਣ ਵਾਲੀ ਤਕਲੀਫ ਲਈ ਅਸੀਂ ਮੁਆਫੀ ਮੰਗਦੇ ਹਾਂ। ਸਾਡੇ ਵਲੰਟੀਅਰ ਪੂਰੀ ਕੋਸ਼ਿਸ਼ ਕਰਨਗੇ ਕਿ ਕੱਲ੍ਹ ਅਤੇ ਪਰਸੋਂ ਭੈਣਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇਗਾ।
ਟ੍ਰੇਨਾਂ ਰੁਕੀਆਂ ਰਹਿਣਗੀਆਂ ਅਤੇ ਜਲੰਧਰ ਵਿੱਚ ਨੈਸ਼ਨਲ ਹਾਈਵੇ ‘ਤੇ ਲੱਗਾ ਧਰਨਾ ਵੀ ਜਾਰੀ ਰਹੇਗਾ। ਮੀਟਿੰਗ ਵਿੱਚ ਜੇਕਰ ਸਰਕਾਰ ਗੰਨੇ ਦਾ ਸਮਰਥਨ ਮੁੱਲ ਵਧਾਉਣ ਦੀ ਕਿਸਾਨਾਂ ਦੀ ਮੰਗ ਮੰਨ ਲੈਂਦੀ ਹੈ ਤਾਂ ਠੀਕ, ਨਹੀਂ ਤਾਂ ਪ੍ਰਦਰਸ਼ਨ ਵਧੇਗਾ। ਮੰਗਲਵਾਰ ਤੋਂ ਕਿਸਾਨਾਂ ਨੇ ਪੂਰਾ ਪੰਜਾਬ ਬੰਦ ਕਰਵਾਉਣ ਦੀ ਗੱਲ ਆਖੀ ਹੈ।