New Traffic Rules : ਪੰਜਾਬ ਦੇ 9 ਸ਼ਹਿਰਾਂ ਸਣੇ ਪੂਰੇ ਦੇਸ਼ ‘ਚ ਲਾਗੂ ਹੋਣਗੇ ਸਖ਼ਤ ਟ੍ਰੈਫਿਕ ਨਿਯਮ

0
1109

ਨਵੀਂ ਦਿੱਲੀ | ਟਰਾਂਸਪੋਰਟ ਮੰਤਰਾਲੇ ਦੁਆਰਾ ਨੋਟੀਫਾਈ ਕੀਤੇ ਗਏ ਨਵੇਂ ਨਿਯਮਾਂ ਅਨੁਸਾਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਅਪਰਾਧ ਹੋਣ ਦੇ 15 ਦਿਨਾਂ ਦੇ ਅੰਦਰ ਟ੍ਰੈਫਿਕ ਉਲੰਘਣਾ ਦਾ ਨੋਟਿਸ ਸਬੰਧਤ ਵਿਅਕਤੀ ਨੂੰ ਭੇਜਣਾ ਪਏਗਾ ਤੇ ਇਲੈਕਟ੍ਰੋਨਿਕ ਰਿਕਾਰਡ ਨੂੰ ਚਲਾਨ ਦੇ ਨਿਬੇੜੇ ਤੱਕ ਸਟੋਰ ਕੀਤਾ ਜਾਵੇਗਾ। ਅਜਿਹੇ ਹੋਰ ਬਹੁਤ ਸਾਰੇ ਟ੍ਰੈਫ਼ਿਕ ਨਿਯਮ ਪੰਜਾਬ ਦੇ 9 ਸ਼ਹਿਰਾਂ ਸਮੇਤ ਹੋਰ ਬਹੁਤ ਸਾਰੇ ਵੱਡੇ ਸ਼ਹਿਰਾਂ ਵਿੱਚ ਲਾਗੂ ਹੋਣ ਜਾ ਰਹੇ ਹਨ।

 ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਸੋਧੇ ਹੋਏ ਮੋਟਰ ਵਾਹਨ ਐਕਟ ਤਹਿਤ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਚਲਾਨ ਜਾਰੀ ਕਰਨ ਲਈ ਇਲੈਕਟ੍ਰੋਨਿਕ ਇਨਫੋਰਸਮੈਂਟ ਉਪਕਰਨਾਂ ਦੀ ਵਰਤੋਂ ਕੀਤੀ ਜਾਏਗੀ। ਮੰਤਰਾਲੇ ਨੇ ਇਕ ਟਵੀਟ ‘ਚ ਕਿਹਾ, “ਅਪਰਾਧ ਦੀ ਸੂਚਨਾ ਅਪਰਾਧ ਦੇ ਵਾਪਰਨ ਦੇ 15 ਦਿਨਾਂ ਦੇ ਅੰਦਰ ਭੇਜੀ ਜਾਏਗੀ ਤੇ ਇਲੈਕਟ੍ਰੋਨਿਕ ਨਿਗਰਾਨੀ ਦੁਆਰਾ ਇਕੱਤਰ ਕੀਤੇ ਗਏ ਇਲੈਕਟ੍ਰੋਨਿਕ ਰਿਕਾਰਡ ਨੂੰ ਚਲਾਨ ਦੇ ਨਿਪਟਾਰੇ ਤੱਕ ਸਟੋਰ ਕੀਤਾ ਜਾਵੇਗਾ।”

ਨਵੇਂ ਨਿਯਮਾਂ ਅਨੁਸਾਰ ਇਲੈਕਟ੍ਰੋਨਿਕ ਇਨਫੋਰਸਮੈਂਟ ਉਪਕਰਨਾਂ ਵਿੱਚ ਸਪੀਡ ਕੈਮਰਾ, ਸੀਸੀਟੀਵੀ ਕੈਮਰਾ, ਸਪੀਡ ਗੰਨ, ਸਰੀਰ ‘ਤੇ ਲਟਕਾਉਣ ਜਾਂ ਪਹਿਨਣ ਯੋਗ ਕੈਮਰਾ, ਡੈਸ਼ਬੋਰਡ ਕੈਮਰਾ, ਆਟੋਮੈਟਿਕ ਨੰਬਰ ਪਲੇਟ ਰੈਕੋਗਨੀਸ਼ਨ (ਏਐੱਨਪੀਆਰ), ਵੇਟ-ਇਨ ਮਸ਼ੀਨ ‘ਤੇ ਰਾਜ ਸਰਕਾਰ ਦੁਆਰਾ ਨਿਰਧਾਰਤ ਅਜਿਹੀ ਕੋਈ ਹੋਰ ਤਕਨੀਕ ਸ਼ਾਮਿਲ ਹੋਵੇਗੀ।

ਮੰਤਰਾਲੇ ਮੁਤਾਬਕ, ”ਰਾਜ ਸਰਕਾਰਾਂ ਇਹ ਯਕੀਨੀ ਬਣਾਉਣਗੀਆਂ ਕਿ ਅਜਿਹੇ ਉਪਕਰਨ ਰਾਸ਼ਟਰੀ ਰਾਜਮਾਰਗਾਂ, ਰਾਜ ਮਾਰਗਾਂ, ਨਾਜ਼ੁਕ ਜੰਕਸ਼ਨਾਂ, ਘੱਟ ਜੋਖਮ ਵਾਲੇ/ਵਧੇਰੇ ਭੀੜ ਵਾਲੇ ਲਾਂਘਿਆਂ ਤੇ ਘੱਟੋ-ਘੱਟ 10 ਲੱਖ ਤੋਂ ਵੱਧ ਆਬਾਦੀ ਵਾਲੇ ਵੱਡੇ ਸ਼ਹਿਰਾਂ ਵਿੱਚ ਰੱਖੇ ਜਾਣ, ਜਿਸ ਵਿੱਚ ਨੋਟੀਫਿਕੇਸ਼ਨ ਵਿੱਚ ਜ਼ਿਕਰ ਕੀਤੇ 132 ਸ਼ਹਿਰ ਸ਼ਾਮਿਲ ਹਨ।” ਇਸ ਵਿੱਚ ਕਿਹਾ ਗਿਆ ਹੈ ਕਿ ਇਲੈਕਟ੍ਰੋਨਿਕ ਇਨਫੋਰਸਮੈਂਟ ਉਪਕਰਨ ਨੂੰ ਇਸ ਢੰਗ ਨਾਲ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਆਵਾਜਾਈ ਦੇ ਪ੍ਰਵਾਹ ਵਿੱਚ ਕੋਈ ਰੁਕਾਵਟ ਜਾਂ ਸਮੱਸਿਆਵਾਂ ਨਾ ਆਉਣ।

ਨਵੇਂ ਅਧਿਸੂਚਿਤ ਨਿਯਮਾਂ ਅਨੁਸਾਰ ਸਥਾਨ, ਮਿਤੀ ਅਤੇ ਸਮੇਂ ਲਈ ਇਲੈਕਟ੍ਰੋਨਿਕ ਸਟੈਂਪ ਵਾਲੇ ਇਲੈਕਟ੍ਰੋਨਿਕ ਇਨਫੋਰਸਮੈਂਟ ਉਪਕਰਨ ਦੀ ਫੁਟੇਜ ਦੀ ਵਰਤੋਂ ਨਿਰਧਾਰਤ ਗਤੀ ਸੀਮਾ ਦੇ ਅੰਦਰ ਨਾ ਚਲਾਉਣ, ਅਣਅਧਿਕਾਰਤ ਸਥਾਨ ‘ਤੇ ਵਾਹਨ ਨਾ ਰੋਕਣ ਜਾਂ ਪਾਰਕ ਕਰਨ ਅਤੇ ਹੈਲਮੈਟ ਨਾ ਪਹਿਨਣ ਦੇ ਚਲਾਨ ਜਾਰੀ ਕਰਨ ਲਈ ਕੀਤੀ ਜਾ ਸਕਦੀ ਹੈ।