ਨਸ਼ੀਲੀ ਵਸਤੂ ਪਿਲਾ ਕੇ ਗੁਆਂਢਣ ਨੂੰ ਬਣਾਇਆ ਹਵਸ ਦਾ ਸ਼ਿਕਾਰ

0
1325

ਲੁਧਿਆਣਾ | 19 ਸਾਲਾ ਮੁਟਿਆਰ ਨੂੰ ਬੇਹੋਸ਼ ਕਰਨ ਤੋਂ ਬਾਅਦ ਗੁਆਂਢੀ ਨੇ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਸ਼ਰਮਨਾਕ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।

ਥਾਣਾ ਸਾਹਨੇਵਾਲ ਦੀ ਪੁਲਿਸ ਨੇ ਲੜਕੀ ਦੇ ਬਿਆਨਾਂ ‘ਤੇ ਕੇਸ਼ਵ ਨਗਰ ਲੁਹਾਰਾ ਰੋਡ ਦੇ ਰਹਿਣ ਵਾਲੇ ਸੁਨੀਲ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਮੁਲਜ਼ਮ ਉਸ ਦੇ ਗੁਆਂਢ ਵਿੱਚ ਰਹਿੰਦਾ ਹੈ। ਸ਼ਾਮ ਵੇਲੇ ਉਹ ਆਪਣੀ ਸਹੇਲੀ ਨੂੰ ਮਿਲ ਕੇ ਘਰ ਵਾਪਸ ਆ ਰਹੀ ਸੀ। ਗਲੀ ਵਿੱਚ ਖੜ੍ਹੇ ਸੁਨੀਲ ਨੇ ਉਸ ਨੂੰ ਗੱਲਾਂ ਵਿਚ ਲਗਾ ਲਿਆ ਤੇ ਨਸ਼ੀਲਾ ਪਾਣੀ ਪਿਲਾ ਕੇ ਬੇਹੋਸ਼ ਕਰ ਦਿੱਤਾ।

ਬੇਸ਼ੁੱਧ ਹਾਲਤ ਵਿੱਚ ਸੁਨੀਲ ਉਸ ਨੂੰ ਆਪਣੇ ਘਰ ਲੈ ਗਿਆ ਅਤੇ ਉਸ ਨੂੰ ਹਵਸ ਦਾ ਸ਼ਿਕਾਰ ਬਣਾਇਆ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਹੋਸ਼ ਆਉਣ ‘ਤੇ ਲੜਕੀ ਨੇ ਇਸ ਸਬੰਧੀ ਆਪਣੇ ਮਾਪਿਆਂ ਨੂੰ ਦੱਸਿਆ।

ਜਾਂਚ ਅਧਿਕਾਰੀ ਸੁਖਦੀਪ ਕੌਰ ਦਾ ਕਹਿਣਾ ਹੈ ਕਿ ਪੁਲਿਸ ਨੇ ਸੁਨੀਲ ਖਿਲਾਫ਼ ਕੇਸ ਦਰਜ ਕਰ ਕੇ ਉਸ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।