ਕਰਤਾਰਪੁਰ | ਪਿੰਡ ਕਾਲਾ ਬਾਹੀਆਂ ਦੇ ਖੇਤਾਂ ‘ਚੋਂ ਇਕ ਪ੍ਰਵਾਸੀ ਮਜ਼ਦੂਰ ਦੀ ਲਾਸ਼ ਮਿਲੀ ਹੈ, ਜਿਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।
ਡੀਐੱਸਪੀ ਸੁਖਪਾਲ ਸਿੰਘ ਰੰਧਾਵਾ ਤੇ ਥਾਣਾ ਮੁਖੀ ਅਰੁਣ ਮੁੰਢਨ ਨੇ ਦੱਸਿਆ ਕਿ ਬੀਤੀ 12 ਅਗਸਤ ਨੂੰ ਜਲੰਧਰ ਦੇ ਥਾਣਾ ਡਵੀਜ਼ਨ ਨੰ. 8 ‘ਚ ਦਰਜ ਇਕ ਪ੍ਰਵਾਸੀ ਮਜ਼ਦੂਰ ਦੀ ਗੁੰਮਸ਼ੁਦਗੀ ਸਬੰਧੀ ਮਾਮਲਾ ਹੱਲ ਹੋ ਗਿਆ ਹੈ, ਜੋ ਕਿ ਮ੍ਰਿਤਕ ਦੀ ਪਤਨੀ ਦੇ ਬਿਆਨ ‘ਤੇ 2 ਵਿਅਕਤੀਆਂ ਵੱਲੋਂ ਕਤਲ ਕੀਤੇ ਜਾਣ ਦਾ ਹੈ।
ਏਐੱਸਆਈ ਬਲਬੀਰ ਸਿੰਘ ਨੇ ਦੱਸਿਆ ਕਿ ਕੋਮਲ (20) ਪਤਨੀ ਪਿੰਟੂ (26) ਹਾਲ ਵਾਸੀ ਬਚਿੰਤ ਨਗਰ ਟਰਾਂਸਪੋਰਟ ਨਗਰ ਜਲੰਧਰ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਉਹ ਆਪਣੇ ਪਤੀ ਨਾਲ 3 ਸਾਲ ਤੋਂ ਪੰਜਾਬ ‘ਚ ਰਹਿ ਰਹੇ ਹਨ ਤੇ ਕਰੀਬ 8 ਮਹੀਨਿਆਂ ਤੋਂ ਉਸ ਦਾ ਪਤੀ ਜਲੰਧਰ ਦੇ ਹੀ ਹਰਗੋਬਿੰਦ ਨਗਰ ਵਾਸੀ ਸੁਰਿੰਦਰ ਰਾਏ ਕੋਲ ਟਰੈਕਟਰ-ਟਰਾਲੀ ‘ਤੇ ਡਰਾਈਵਰ ਵਜੋਂ ਕੰਮ ਕਰਦਾ ਸੀ, ਜੋ ਕਿ ਮਿੱਟੀ ਆਦਿ ਸੁੱਟਣ ਦਾ ਕੰਮ ਕਰਦੇ ਹਨ।
ਬੀਤੀ 12 ਅਗਸਤ ਨੂੰ ਸਵੇਰੇ ਉਸ ਦੇ ਪਤੀ ਨੂੰ ਕੁਲਦੀਪ ਸਿੰਘ ਵਾਸੀ ਰੰਧਾਵਾ ਮਸੰਦਾਂ ਤੇ ਜਤਿੰਦਰ ਵਾਸੀ ਫਾਜ਼ਿਲਪੁਰ ਦਾ ਮਿੱਟੀ ਸੁੱਟਣ ਲਈ ਫੋਨ ਆਇਆ ਤੇ ਉਸ ਦਾ ਪਤੀ ਸਵੇਰੇ ਕਰੀਬ 6 ਵਜੇ ਇਹ ਕਹਿ ਕੇ ਗਿਆ ਕਿ ਉਹ 8 ਵਜੇ ਤੱਕ ਆ ਜਾਵੇਗਾ ਪਰ 9 ਵਜੇ ਤੱਕ ਨਾ ਆਉਣ ‘ਤੇ ਉਸ ਨੇ ਆਪਣੇ ਪਤੀ ਨੂੰ ਫੋਨ ਕੀਤਾ ਤਾਂ ਮੋਬਾਇਲ ਬੰਦ ਸੀ।
ਉਸ ਨੇ ਆਪਣੇ ਪੱਧਰ ‘ਤੇ ਭਾਲ ਕੀਤੀ ਤੇ ਕਾਫੀ ਉਡੀਕ ਤੋਂ ਬਾਅਦ ਉਸ ਨੇ ਟਰੈਕਟਰ ਮਾਲਕ ਸੁਰਿੰਦਰ ਰਾਏ ਨੂੰ ਦੱਸਿਆ, ਜਿਸ ਸਬੰਧੀ ਥਾਣਾ-8 ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।
ਕਾਲਾ ਬਾਹੀਆਂ ਵਿਖੇ ਮਿਲੀ ਇੱਕ ਨੌਜਵਾਨ ਦੀ ਲਾਸ਼ ਦੀ ਜਦੋਂ ਸ਼ਨਾਖਤ ਕੀਤੀ ਗਈ ਤਾਂ ਉਹ 12 ਅਗਸਤ ਨੂੰ ਗੁਆਚੇ ਪਿੰਟੂ ਵਜੋਂ ਹੋਈ, ਜਿਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ ਸਨ। ਪੁਲਿਸ ਨੇ ਦੱਸਿਆ ਕਿ ਮੌਕੇ ‘ਤੇ ਕੋਈ ਵੀ ਟਰੈਕਟਰ-ਟਰਾਲੀ ਨਹੀਂ ਮਿਲਿਆ।
(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)
(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।