21ਵੀਂ ਸਦੀ ‘ਚ ਹੈਵਾਨੀਅਤ : ਰਾਜਮਾਂਹ ਚੋਰੀ ਦੇ ਆਰੋਪ ‘ਚ ਨੌਜਵਾਨਾਂ ਦੀ ਬੇਰਹਿਮੀ ਨਾਲ ਕੁੱਟਮਾਰ, ਵਾਲ ਕੱਟੇ, ਨੰਗੇ ਕਰਕੇ ਪਿੱਠ ‘ਤੇ ਲਿਖ ਦਿੱਤਾ ‘ਚੋਰ’

0
1992

ਜਲੰਧਰ | ਸੁੰਦਰ ਨਗਰ ‘ਚ ਦੁਕਾਨ ਦੇ ਬਾਹਰ ਖੜ੍ਹੇ ਟੈਂਪੂ ‘ਚੋਂ ਰਾਜਮਾਂਹ ਦੀ ਬੋਰੀ ਚੋਰੀ ਕਰਕੇ ਭੱਜ ਰਹੇ 2 ਨੌਜਵਾਨਾਂ ਨੂੰ ਲੋਕਾਂ ਦੀ ਭੀੜ ਨੇ ਫੜ ਕੇ ਪਹਿਲਾਂ ਬੁਰੀ ਤਰ੍ਹਾਂ ਕੁੱਟਿਆ, ਫਿਰ ਉਨ੍ਹਾਂ ਦੇ ਵਾਲ ਕੱਟ ਕੇ ਕੱਪੜੇ ਪਾੜ ਦਿੱਤੇ ਤੇ ਮੂੰਹ ‘ਤੇ ਕਾਲਖ ਮਲ ਦਿੱਤੀ। ਇੰਨਾ ਹੀ ਨਹੀਂ, ਬਾਅਦ ਵਿੱਚ ਪੇਂਟ ਸਪ੍ਰੇਅ ਨਾਲ ਦੋਵਾਂ ਦੀ ਪਿੱਠ ‘ਤੇ ‘ਚੋਰ’ ਲਿਖ ਦਿੱਤਾ।

ਮੌਕੇ ‘ਤੇ ਪਹੁੰਚੀ ਥਾਣਾ ਨੰ. 8 ਦੀ ਪੁਲਿਸ ਨੇ ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ।

ਮਾਮਲਾ ਵੀਰਵਾਰ ਦੁਪਹਿਰ 3 ਵਜੇ ਦਾ ਹੈ। ਸੁੰਦਰ ਨਗਰ ਵਿੱਚ ਇਕ ਟੈਂਪੂ ਚਾਲਕ ਜਨਰਲ ਸਟੋਰ ‘ਚ ਰਾਸ਼ਨ ਦਾ ਸਾਮਾਨ ਦੇਣ ਆਇਆ ਸੀ। ਉਹ ਸਾਮਾਨ ਦੁਕਾਨ ਦੇ ਬਾਹਰ ਰੱਖ ਰਿਹਾ ਸੀ ਕਿ ਇਸੇ ਦੌਰਾਨ ਮੋਟਰਸਾਈਕਲ ‘ਤੇ ਆਏ 2 ਨੌਜਵਾਨਾਂ ਨੇ ਟੈਂਪੂ ‘ਚੋਂ ਰਾਜਮਾਂਹ ਦੀ ਬੋਰੀ ਚੁੱਕ ਲਈ। ਜਿਉਂ ਹੀ ਉਹ ਬੋਰੀ ਮੋਟਰਸਾਈਕਲ ‘ਤੇ ਰੱਖ ਕੇ ਭੱਜਣ ਲੱਗੇ ਤਾਂ ਟੈਂਪੂ ਵਾਲੇ ਨੇ ਵੇਖ ਲਿਆ ਤੇ ਰੌਲਾ ਪਾ ਦਿੱਤਾ।

ਰੌਲਾ ਪੈਣ ‘ਤੇ ਇਕੱਠੀ ਹੋਈ ਭੀੜ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਦੀ ਬੇਰਹਿਮੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਭੀੜ ਦਾ ਗੁੱਸਾ ਇਸ ਨਾਲ ਵੀ ਸ਼ਾਂਤ ਨਾ ਹੋਇਆ ਤਾਂ ਲੋਕਾਂ ਨੇ ਦੋਵਾਂ ਦੇ ਕੱਪੜੇ ਪਾੜ ਦਿੱਤੇ ਅਤੇ ਮੂੰਹ ‘ਤੇ ਕਾਲਖ ਮਲ ਕੇ ਉਨ੍ਹਾਂ ਦੇ ਵਾਲ ਕੱਟ ਦਿੱਤੇ ਤੇ ਦੋਵਾਂ ਦੀ ਪਿੱਠ ‘ਤੇ ਚੋਰ ਲਿਖ ਕੇ ਉਨ੍ਹਾਂ ਦੀ ਵੀਡੀਓ ਵੀ ਵਾਇਰਲ ਕਰ ਦਿੱਤੀ।

ਮਾਮਲਾ ਜਦੋਂ ਪੁਲਿਸ ਕੋਲ ਪੁੱਜਾ ਤਾਂ ਥਾਣਾ ਨੰ. 8 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣਾ ਇੰਚਾਰਜ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਨੇ ਉਨ੍ਹਾਂ ਨੂੰ ਸ਼ਿਕਾਇਤ ਨਹੀਂ ਦਿੱਤੀ। ਸ਼ਿਕਾਇਤ ਮਿਲਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੁੱਸੇ ‘ਚ ਆ ਕੇ ਅਜਿਹਾ ਨਹੀਂ ਕਰਨਾ ਚਾਹੀਦਾ।

ਮੌਕੇ ‘ਤੇ ਮੌਜੂਦ ਲੋਕ ਬਣਾਉਂਦੇ ਰਹੇ ਵੀਡੀਓ, ਮਦਦ ਲਈ ਕੋਈ ਨਹੀਂ ਆਇਆ ਅੱਗੇ

ਘਟਨਾ ਦੌਰਾਨ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ। ਇਨ੍ਹਾਂ ‘ਚੋਂ ਕਈ ਲੋਕਾਂ ਨੇ ਨੌਜਵਾਨਾਂ ਦੀ ਕੁੱਟਮਾਰ ਕੀਤੀ ਤੇ ਚੋਰ ਲਿਖੇ ਜਾਣ ਦੀ ਵੀਡੀਓ ਬਣਾਈ, ਜਿਸ ਤੋਂ ਬਾਅਦ ਕਿਸੇ ਨੇ ਸੋਸ਼ਲ ਮੀਡੀਆ ‘ਤੇ ਇਸ ਨੂੰ ਵਾਇਰਲ ਕਰ ਦਿੱਤਾ। ਕੁੱਟਮਾਰ ਦੌਰਾਨ ਨੌਜਵਾਨ ਚੀਕ-ਚੀਕ ਕੇ ਮਦਦ ਮੰਗਦੇ ਰਹੇ ਪਰ ਕੋਈ ਅੱਗੇ ਨਹੀਂ ਆਇਆ।

(Sponsored : ਜਲੰਧਰ ‘ਚ ਸਭ ਤੋਂ ਸਸਤੇ ਸੂਟਕੇਸ ਖਰੀਦਣ ਅਤੇ ਬੈਗ ਬਣਵਾਉਣ ਲਈ ਕਾਲ ਕਰੋ – 9646-786-001)

(ਨੋਟ – ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।