ਮੋਗਾ (ਤਨਮਯ) | ਕੋਰੋਨਾ ਮਹਾਮਾਰੀ ਦੌਰਾਨ ਮਜ਼ਦੂਰਾਂ, ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਨ ਵਾਲੇ ਐਕਟਰ ਸੋਨੂੰ ਸੂਦ ਦਾ ਅੱਜ 47ਵਾਂ ਜਨਮਦਿਨ ਹੈ। ਉਨ੍ਹਾਂ ਦੇ ਜਨਮ ਸਥਾਨ ਮੋਗਾ ‘ਚ ਉਨ੍ਹਾਂ ਦੀ ਭੈਣ ਮਾਲਵਿਕਾ ਸੂਦ ਨੇ ਸੋਨੂੰ ਸੂਦ ਦਾ ਜਨਮਦਿਨ ਸਰਕਾਰੀ ਸਕੂਲ ਵਿੱਚ ਬੱਚੀਆਂ ਨੂੰ ਸੈਨੀਟਾਈਜ਼ਰ, ਬੈਗ ਅਤੇ ਮਾਸਕ ਦੇ ਕੇ ਮਨਾਇਆ।
ਮਾਲਵਿਕਾ ਨੇ ਕਿਹਾ- ਅੱਜ ਭਰਾ ਦਾ 47ਵਾਂ ਜਨਮਦਿਨ ਹੈ। ਉਨ੍ਹਾਂ ਦੇ ਚਾਹੁਣ ਵਾਲੇ ਸੋਨੂੰ ਦਾ ਜਨਮਦਿਨ ਧੂਮਧਾਮ ਨਾਲ ਮਨਾ ਰਹੇ ਹਨ। ਮੈਨੂੰ ਮਾਣ ਹੈ ਕਿ ਮੈਂ ਸੋਨੂੰ ਸੂਦ ਦੀ ਭੈਣ ਹਾਂ, ਇਸ ਲਈ ਅੱਜ ਉਨ੍ਹਾਂ ਦਾ ਜਨਮਦਿਨ ਸਰਕਾਰੀ ਸਕੂਲ ਦੀਆਂ ਬੱਚੀਆਂ ਨਾਲ ਮਨਾ ਰਹੀ ਹਾਂ।
ਮਾਲਵਿਕਾ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਵੀਡੀਓ ਕਾਲ ‘ਤੇ ਸੋਨੂੰ ਸੂਦ ਨਾਲ ਇਨ੍ਹਾਂ ਬੱਚੀਆਂ ਦੀ ਗੱਲ ਵੀ ਕਰਵਾਈ ਅਤੇ ਬੱਚੀਆਂ ਨੇ ਵੀ ਉਨ੍ਹਾਂ ਨੂੰ ਜਨਮਦਿਨ ਦੀ ਵਧਾਈ ਦਿੱਤੀ। ਬੱਚੀਆਂ ਨੇ ਕਿਹਾ ਕਿ ਸਾਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਅੱਜ ਅਸੀਂ ਐਕਟਰ ਸੋਨੂੰ ਸੂਦ ਨਾਲ ਗੱਲ ਕੀਤੀ।
ਜ਼ਿਲਾ ਸਿੱਖਿਆ ਅਧਿਕਾਰੀ ਸੁਸ਼ੀਲ ਨਾਥ ਨੇ ਵੀ ਐਕਟਰ ਸੋਨੂੰ ਸੂਦ ਦੇ ਜਨਮਦਿਨ ‘ਤੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਾਮਨਾ ਕੀਤੀ ਕਿ ਜਿਸ ਤਰ੍ਹਾਂ ਸੋਨੂੰ ਸੂਦ ਗਰੀਬਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ, ਇਸੇ ਤਰ੍ਹਾਂ ਉਹ ਅੱਗੋਂ ਵੀ ਇਹ ਸੇਵਾ ਜਾਰੀ ਰੱਖਣ।