24 ਲੱਖ ਖਰਚ ਕੇ IELTS ਪਾਸ ਪਤਨੀ ਭੇਜੀ ਕੈਨੇਡਾ, ਪਹੁੰਚਦਿਆਂ ਹੀ ਛੱਡਿਆ ਫੋਨ ਕਰਨਾ, ਦੁਖੀ ਪਤੀ ਨੇ ਕੀਤੀ ਖੁਦਕੁਸ਼ੀ

0
2158

ਬਰਨਾਲਾ (ਕਮਲਜੀਤ ਸਿੰਘ ਸੰਧੂ)| ਕਸਬਾ ਧਨੌਲਾ ਦੇ ਪਿੰਡ ਕੋਠੇ ਗੋਬਿੰਦਪੁਰਾ ਦੇ 24 ਸਾਲਾ ਲਵਪ੍ਰੀਤ ਦਾ 2 ਸਾਲ ਪਹਿਲਾਂ ਬੇਅੰਤ ਕੌਰ ਨਾਂ ਦੀ ਕੁੜੀ ਨਾਲ ਵਿਆਹ ਹੋਇਆ ਸੀ। ਵਿਆਹ ਕਰਵਾਉਣ ਤੋਂ ਬਾਅਦ ਆਈਲੈਟਸ ਪਾਸ ਬੇਅੰਤ ਕੌਰ ਨੂੰ ਕੈਨੇਡਾ ਭੇਜਣ ਲਈ ਲਵਪ੍ਰੀਤ ਦੇ ਪਰਿਵਾਰ ਨੇ 24 ਲੱਖ ਖਰਚਾ ਕੀਤਾ।

ਲੜਕੇ ਦੇ ਪਰਿਵਾਰ ਨੇ ਦੱਸਿਆ ਕਿ ਲਵਪ੍ਰੀਤ ਨਾਲ ਵਿਆਹ ਕਰਨ ਤੋਂ ਬਾਅਦ ਕੈਨੇਡਾ ਜਾ ਕੇ ਬੇਅੰਤ ਕੌਰ ਨੇ ਗੱਲ ਕਰਨੀ ਬੰਦ ਕਰ ਦਿੱਤੀ, ਜਿਸ ਤੋਂ ਨਿਰਾਸ਼ ਹੋ ਕੇ ਲਵਪ੍ਰੀਤ ਨੇ ਖੁਦਕੁਸ਼ੀ ਕਰ ਲਈ।

ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਜ਼ਮੀਨ ਗਹਿਣੇ ਰੱਖ ਕੇ ਕਰਜ਼ਾ ਚੁੱਕ ਕੇ ਬੇਅੰਤ ਕੌਰ ਨੂੰ ਕੈਨੇਡਾ ਭੇਜਿਆ ਸੀ। ਪੁੱਤ ਵੀ ਗਿਆ ਤੇ ਕਰਜ਼ਾ ਵੀ ਨਾ ਉਤਰਿਆ। ਪੀੜਤ ਪਰਿਵਾਰ ਨੇ ਬੇਅੰਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਉਨ੍ਹਾਂ ਦੇ ਪੁੱਤਰ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਅਤੇ ਕੈਨੇਡਾ ਤੇ ਭਾਰਤ ਸਰਕਾਰ ਤੋਂ ਬੇਅੰਤ ਕੌਰ ਨੂੰ ਡਿਪੋਰਟ ਕਰਨ ਦੀ ਮੰਗ ਕੀਤੀ।

ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਬੇਅੰਤ ਕੌਰ ਨੂੰ ਕੈਨੇਡਾ ਭੇਜਣ ਲਈ 24 ਲੱਖ ਰੁਪਏ ਖਰਚ ਕੀਤੇ। ਜਿੰਨਾ ਚਿਰ ਅਸੀਂ ਫੀਸ ਭਰਦੇ ਗਏ, ਓਨਾ ਚਿਰ ਬੇਅੰਤ ਕੌਰ ਸਾਡੇ ਨਾਲ ਗੱਲ ਕਰਦੀ ਰਹੀ, ਉਸ ਤੋਂ ਬਾਅਦ ਉਸ ਨੇ ਗੱਲ ਕਰਨੀ ਛੱਡ ਦਿੱਤੀ । ਨਵੰਬਰ 2020 ਤੋਂ ਇਸੇ ਕਾਰਨ ਲਵਪ੍ਰੀਤ ਡਿਪ੍ਰੈਸ਼ਨ ‘ਚ ਚਲਾ ਗਿਆ ਅਤੇ ਹੁਣ ਉਸ ਨੇ ਖੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਲਵਪ੍ਰੀਤ ਦੀ ਮੌਤ ਲਈ ਸਿੱਧੇ ਤੌਰ ‘ਤੇ ਬੇਅੰਤ ਕੌਰ ਜ਼ਿੰਮੇਵਾਰ ਹੈ।

ਥਾਣਾ ਧਨੌਲਾ ਦੇ ਐੱਸਐੱਚਓ ਵਿਜੇ ਕੁਮਾਰ ਨੇ ਦੱਸਿਆ ਕਿ ਲਵਪ੍ਰੀਤ ਦੀ ਮੌਤ ਸਬੰਧੀ ਧਾਰਾ 174 ਦੀ ਕਾਰਵਾਈ ਹੋਈ ਹੈ, ਜਿਸ ਤੋਂ ਬਾਅਦ ਇਹ ਚਰਚਾ ‘ਚ ਆਇਆ ਕਿ ਉਸ ਦੀ ਕੈਨੇਡਾ ਗਈ ਪਤਨੀ ਵੱਲੋਂ ਧੋਖਾ ਦੇਣ ਕਾਰਨ ਲਵਪ੍ਰੀਤ ਨੇ ਖੁਦਕੁਸ਼ੀ ਕੀਤੀ ਹੈ। ਇਸ ਸਬੰਧੀ ਲਵਪ੍ਰੀਤ ਦਾ ਪਰਿਵਾਰ ਉਨ੍ਹਾਂ ਨੂੰ ਜ਼ਰੂਰ ਮਿਲਿਆ ਪਰ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ, ਜਦੋਂ ਮਿਲੇਗੀ, ਉਦੋਂ ਹੀ ਉਹ ਸਬੂਤਾਂ ਦੇ ਆਧਾਰ ‘ਤੇ ਕਾਰਵਾਈ ਕਰਨਗੇ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)