ਅਕਾਲੀ ਲੀਡਰ ਕਾਹਲੋਂ ਦੇ ਘਰ ਨੇੜਿਓਂ ਮਿਲਿਆ ਨਾਜਾਇਜ਼ ਹਥਿਆਰਾਂ ਦਾ ਜ਼ਖ਼ੀਰਾ

0
2045

ਗੁਰਦਾਸਪੁਰ | (ਜਸਵਿੰਦਰ ਬੇਦੀ)- ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਹਲਕਾ ਫਤਿਹਗੜ੍ਹ ਚੂੜੀਆਂ ਤੋਂ ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਦੇ ਜੱਦੀ ਪਿੰਡ ਦਾਦੂਯੋਦ ਦੀਆਂ ਝਾੜੀਆਂ ‘ਚੋ ਮਿੱਟੀ ਵਿੱਚ ਦੱਬੇ ਇਕ ਲਿਫਾਫੇ ਵਿਚੋਂ ਨਾਜਾਇਜ਼ ਹਥਿਆਰਾਂ ਦਾ ਜ਼ਖ਼ੀਰਾ ਮਿਲਿਆ।

ਕਾਹਲੋਂ ਦੇ ਘਰ ਦੇ ਬਾਹਰ ਵਾਲੇ ਪਾਸੇ ਪੰਚਾਇਤੀ ਜਗ੍ਹਾ ‘ਤੇ ਝਾੜੀਆਂ ਦੀ ਸਾਫ-ਸਫਾਈ ਲਈ ਮਜ਼ਦੂਰ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਨੂੰ ਸ਼ੱਕੀ ਹਾਲਤ ‘ਚ ਪੈਕ ਕੀਤਾ ਇੱਕ ਲਿਫਾਫਾ ਮਿਲਿਆ। ਮਜ਼ਦੂਰ ਨੇ ਰਵੀਕਰਨ ਸਿੰਘ ਕਾਹਲੋਂ ਨੂੰ ਇਸ ਬਾਰੇ ਦੱਸਿਆ, ਜਿਨ੍ਹਾਂ ਤੁਰੰਤ ਇਸ ਦੀ ਸੂਚਨਾ ਐੱਸ.ਐੱਸ.ਪੀ. ਬਟਾਲਾ ਰਸ਼ਪਾਲ ਸਿੰਘ ਨੂੰ ਦਿੱਤੀ।

ਪੁਲਸ ਤੁਰੰਤ ਹਰਕਤ ‘ਚ ਆਈ ਅਤੇ ਬਟਾਲਾ ਦੇ ਐੱਸ.ਪੀ. ਜੋਗਵਿੰਦਰ ਸਿੰਘ ਪੀ.ਬੀ.ਆਈ., ਫਤਿਹਗੜ੍ਹ ਚੂੜੀਆਂ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਅਤੇ ਸੀ.ਆਈ.ਏ. ਸਟਾਫ ਦੇ ਇੰਚਾਰਜ ਦਲਜੀਤ ਸਿੰਘ ਪੱਡਾ ਸਮੇਤ ਵੱਡੀ ਗਿਣਤੀ ‘ਚ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਲਿਫਾਫੇ ਨੂੰ ਕਬਜ਼ੇ ‘ਚ ਲੈ ਲਿਆ, ਜਿਸ ਵਿਚੋਂ 30 ਬੋਰ ਦਾ ਪਿਸਟਲ, ਇੱਕ ਮੈਗਜ਼ੀਨ, 9 ਰੌਂਦ, 2 ਏ.ਕੇ. 47 ਦੇ ਮੈਗਜ਼ੀਨ ਅਤੇ 60 ਏ.ਕੇ. 47 ਦੇ ਰੌਂਦ ਮਿਲੇ।

ਫਤਿਹਗੜ੍ਹ ਚੂੜੀਆਂ ਦੇ ਐੱਸ.ਐੱਚ.ਓ. ਸੁਖਵਿੰਦਰ ਸਿੰਘ ਅਤੇ ਦਲਜੀਤ ਸਿੰਘ ਪੱਡਾ ਨੇ ਦੱਸਿਆ ਕਿ ਹਥਿਆਰਾਂ ਨੂੰ ਕਬਜ਼ੇ ‘ਚ ਲੈ ਕੇ ਮੁੱਢਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈhttps://t.me/punjabibulletin)