ਮੋਗਾ (ਤਨਮਯ) | ਇੱਕ 17 ਸਾਲ ਦੀ ਵਿਦਿਆਰਥਣ ਨੇ ਘਰ ਵਿੱਚ ਫੰਦਾ ਲਗਾ ਕੇ ਜਿੰਦਗੀ ਖਤਮ ਕਰ ਲਈ ਹੈ। ਲੜਕੀ ਕੋਲੋ ਮਿਲੇ ਸੁਸਾਇਡ ਨੋਟ ਦੇ ਅਧਾਰ ਉੱਤੇ ਸਕੂਲ ਪ੍ਰਿੰਸੀਪਲ ਦੀ ਬੇਟੀ ਅਤੇ ਸਕੂਲ ਦੇ ਹੀ ਟੀਚਰ ਉੱਤੇ ਕੇਸ ਦਰਜ ਕਰ ਲਿਆ ਗਿਆ ਹੈ। ਕੈਨੇਡਾ ਦੀ ਜੰਮਪਲ ਲੜਕੀ ਨੇ ਸੁਸਾਇਡ ਨੋਟ ਵਿੱਚ ਆਪਣੇ ਪਰਿਵਾਰ ਉੱਤੇ ਵੀ ਕਈ ਸਵਾਲ ਚੁੱਕੇ ਹਨ।
ਘਟਨਾ ਮੋਗਾ ਦੇ ਪਿੰਡ ਤਲਵੰਡੀ ਭੰਗੇਰੀਆਂ ਦੀ ਹੈ। ਲੜਕੀ ਕੈਨੇਡੀਅਨ ਸਿਟੀਜ਼ਨ ਸੀ ਅਤੇ ਨਾਨਾ-ਨਾਨੀ ਕੋਲ ਪਿਛਲੇ ਕਈ ਸਾਲਾਂ ਤੋਂ ਰਹਿ ਰਹੀ ਸੀ।
ਲੜਕੀ ਨੇ ਸੁਸਾਇਡ ਨੋਟ ਵਿੱਚ ਆਪਣੇ ਮੋਬਾਇਲ ਦਾ ਪਾਸਵਰਡ ਲਿਖਿਆ ਹੈ। ਇਹ ਵੀ ਲਿਖਿਆ ਹੈ ਕਿ ਫੋਨ ਦੇ ਸਕ੍ਰੀਨ ਸ਼ੌਟ ਫੋਲਡਰ ਵਿੱਚੋਂ ਸਾਰੀ ਕਹਾਣੀ ਪਤਾ ਲੱਗ ਜਾਵੇਗੀ। ਲੜਕੀ ਨੇ ਆਪਣੇ ਸੁਸਾਇਡ ਨੋਟ ਵਿੱਚ ਇਹ ਵੀ ਲਿਖਿਆ ਹੈ ਕਿ ਬੱਚੇ ਤਾਂ ਹੀ ਜੰਮੀਓ ਜੇ ਉਸ ਦਾ ਧਿਆਨ ਰੱਖ ਸਕੋ।
ਲੜਕੀ ਦੇ ਨਾਨਾ ਜਸਵੀਰ ਸਿੰਘ ਨੇ ਦੱਸਿਆ ਦੋਹਤੀ ਖੁਸ਼ਪ੍ਰੀਤ ਕੌਰ ਦਾ ਕੈਨੇਡਾ ਵਿੱਚ ਜਨਮ ਹੋਣ ਤੋਂ ਬਾਅਦ ਉਹ ਇੱਥੇ ਹੀ ਰਹਿ ਰਹੀ ਸੀ। ਨਰਸਰੀ ਤੋਂ ਲੈ ਕੇ ਦਸਵੀਂ ਤੱਕ ਉਹ ਮੋਗਾ ਦੇ ਪਿੰਡ ਮਹਿਣਾ ਕੋਲ ਸਥਿਤ ਗੁਰੂਕੁਲ ਸਕੂਲ ਵਿਚ ਪੜ੍ਹਦੀ ਸੀ। ਪਹਿਲਾਂ ਵੀ ਉਸ ਨੇ ਦੱਸਿਆ ਸੀ ਕਿ ਪ੍ਰਿੰਸੀਪਲ ਦੀ ਲੜਕੀ ਉਸ ਨੂੰ ਪ੍ਰੇਸ਼ਾਨ ਕਰਦੀ ਹੈ। ਪ੍ਰਿੰਸੀਪਲ ਨੇ ਭਰੋਸਾ ਦਿਵਾਇਆ ਸੀ ਕਿ ਮੁੜ ਅਜਿਹਾ ਨਹੀਂ ਹੋਵੇਗਾ।
ਖੁਸ਼ਪ੍ਰੀਤ ਦੇ ਮਾਮਾ ਮਨੀ ਸਿੰਘ ਨੇ ਦੱਸਿਆ ਕਿ ਤਿੰਨ ਮਹੀਨਿਆਂ ਤੋਂ ਲਾਕਡਾਊਨ ਕਾਰਨ ਸਕੂਲ ਬੰਦ ਸੀ ਪਰ ਪ੍ਰਿੰਸੀਪਲ ਦੀ ਲੜਕੀ ਅਤੇ ਇਕ ਮਾਸਟਰ ਉਸ ਨੂੰ ਸਕੂਲ ਬੁਲਾਉਂਦੇ ਸਨ। ਕਈ ਵਾਰ ਘਰ ਆ ਕੇ ਵੀ ਉਸ ਨੂੰ ਲੈ ਜਾਂਦੇ ਸੀ।
ਥਾਣਾ ਮਹਿਣਾ ਦੇ ਮੁੱਖ ਅਫਸਰ ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਸੁਸਾਇਡ ਨੋਟ ਦੇ ਅਧਾਰ ‘ਤੇ ਪ੍ਰਿੰਸੀਪਲ ਦੀ ਬੇਟੀ ਅਤੇ ਇਕ ਸਕੂਲ ਟੀਚਰ ਖ਼ਿਲਾਫ਼ 306 ਦਾ ਮਾਮਲਾ ਦਰਜ ਕਰ ਲਿਆ ਹੈ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)