ਸੂਬੇ ਦੇ ਜਿਆਦਾਤਰ ਹੈਲਥ ਅਫਸਰਾਂ ਨੇ ਨਹੀਂ ਲਗਵਾਏ ਕੋਰੋਨਾ ਟੀਕੇ, ਪਾਜੀਟਿਵ ਆਏ ਤਾਂ ਖੁਦ ਚੁੱਕਣਾ ਹੋਵੇਗਾ ਇਲਾਜ ਦਾ ਖ਼ਰਚਾ ਤੇ ਛੁੱਟੀਆਂ ਵੀ ਨਹੀਂ ਮਿਲਣਗੀਆਂ

0
24908

ਚੰਡੀਗੜ੍ਹ | ਸੂਬੇ ਦੇ ਹੈਲਥ ਅਫਸਰ ਤੇ ਕਾਮੇ ਕੋਰੋਨਾ ਟੀਕਾ ਲਗਾਉਣ ਵਿੱਚ ਕਾਫੀ ਪਿੱਛੇ ਰਹਿ ਗਏ ਹਨ। ਇਨ੍ਹਾਂ ਪ੍ਰਤੀ ਕੈਪਟਨ ਸਰਕਾਰ ਹੁਣ ਸਖਤੀ ਕਰਨ ਜਾ ਰਹੀ ਹੈ।

ਹੁਣ ਜੇਕਰ ਟੀਕਾ ਨਾ ਲਗਵਾਉਣ ਵਾਲੇ ਹੈਲਥ ਅਫਸਰ ਜਾਂ ਕਾਮੇ ਇਨਫੈਕਸ਼ਨ ਦੇ ਸ਼ਿਕਾਰ ਹੋ ਜਾਂਦੇ ਹਨ ਤਾਂ ਇਲਾਜ ਦਾ ਖ਼ਰਚਾ ਉਹਨਾਂ ਨੂੰ ਖੁਦ ਚੁੱਕਣਾ ਹੋਵੇਗਾ ਅਤੇ ਅਜਿਹੇ ਕਰਮਚਾਰੀ ਇਕਾਂਤਵਾਸ ਛੁੱਟੀ ਦਾ ਲਾਭ ਲੈਣ ਦੇ ਵੀ ਯੋਗ ਨਹੀਂ ਹੋਣਗੇ। ਇਹ ਫੈਸਲਾ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਲਿਆ ਹੈ।

ਸਿਹਤ ਮੰਤਰੀ ਨੇ ਪਿਛਲੇ ਕੁਝ ਦਿਨਾਂ ਦੌਰਾਨ ਕੋਵਿਡ-19 ਦੇ ਮਾਮਲਿਆਂ ਵਿੱਚ ਹੋਏ ਵਾਧੇ ਦਾ ਹਵਾਲਾ ਦਿੰਦਿਆਂ ਕਿਹਾ ਕਿ 20 ਫਰਵਰੀ, 2021 ਨੂੰ 358 ਕੇਸ ਸਾਹਮਣੇ ਆਏ ਸਨ ਅਤੇ ਸੂਬੇ ਵਿੱਚ 3000 ਦੇ ਕਰੀਬ ਕੋਵਿਡ ਦੇ ਐਕਟਿਵ ਮਾਮਲੇ ਹੋ ਗਏ ਹਨ ਜਦਕਿ 3 ਹਫਤੇ ਪਹਿਲਾਂ ਕੇਵਲ 2000 ਮਾਮਲੇ (33 ਫੀਸਦ ਵਾਧਾ) ਹੀ ਸਨ।

ਮੰਤਰੀ ਨੇ ਕਿਹਾ- ਕਿਸੇ ਵੀ ਅਣ-ਕਿਆਸੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਸਿਹਤ ਸੰਭਾਲ ਕਾਮਿਆਂ ਦਾ ਟੀਕਾਕਰਣ ਹੋਣਾ ਲਾਜ਼ਮੀ ਹੈ। ਪੰਜਾਬ ਦੇਸ਼ ਦੇ ਉਹਨਾਂ 6 ਸੂਬਿਆਂ ਵਿੱਚੋਂ ਇੱਕ ਹੈ ਜਿੱਥੇ ਕੋਵਿਡ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ ਅਤੇ ਇਸਨੂੰ ਕਰੋਨਾ ਦੀ ਦੂਜੀ ਲਹਿਰ ਦੀ ਤਰਾਂ ਮੰਨਦਿਆਂ ਤਿਆਰ ਬਰ ਤਿਆਰ ਰਹਿਣਾ ਚਾਹੀਦਾ ਹੈ।

ਸਿੱਧੂ ਨੇ ਕਿਹਾ ਕਿ ਕਰੋਨਾ ਦੇ ਵਧ ਰਹੇ ਮਾਮਲਿਆਂ ਤੋਂ ਪਤਾ ਲਗਦਾ ਹੈ ਕਿ ਪੰਜਾਬ ਵਿੱਚ ਕੋਵਿਡ ਦਾ ਪ੍ਰਭਾਵ ਹਾਲੇ ਪੂਰੀ ਤਰਾਂ ਖ਼ਤਮ ਨਹੀਂ ਹੋਇਆ ਅਤੇ ਕੇਸਾਂ ਵਿੱਚ ਹੋਰ ਵਾਧਾ ਹੋਣ ਦਾ ਖਦਸ਼ਾ ਹੈ। ਇਸ ਲਈ ਕੋਵਿਡ ਤੋਂ ਬਚਾਅ ਲਈ ਢੁੱਕਵੀਆਂ ਸਿਹਤ ਸਾਵਧਾਨੀਆਂ ਜਿਵੇਂ ਸਮਾਜਕ ਦੂਰੀ, ਮਾਸਕ ਪਹਿਨਣਾ, ਹੱਥਾਂ ਨੂੰ ਰੋਗਾਣੂ ਮੁਕਤ ਕਰਨਾ ਆਦਿ ਦੀ ਸਖਤੀ ਨਾਲ ਪਾਲਣਾ ਕਰਨ ਦੀ ਲੋੜ ਹੈ।

ਸਿਹਤ ਮੰਤਰੀ ਨੇ ਸਿਹਤ ਸੰਭਾਲ ਵਰਕਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨਾਂ ਨੂੰ ਬਿਨਾਂ ਕਿਸੇ ਝਿਜਕ ਤੋਂ ਆਪਣੀ, ਆਪਣੇ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਸਕੇ ਸਬੰਧੀਆਂ ਦੀ ਸਿਹਤ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਣ ਲਈ ਛੇਤੀ ਤੋਂ ਛੇਤੀ ਟੀਕਾ ਲਗਵਾਉਣਾ ਚਾਹੀਦਾ ਹੈ।

ਕੈਬਨਿਟ ਮੰਤਰੀ ਨੇ ਸਿਹਤ ਸੰਭਾਲ ਵਰਕਰਾਂ ਅਤੇ ਮੋਹਰਲੀ ਕਤਾਰ ਵਾਲੇ ਯੋਧਿਆਂ ਦੀ ਘੱਟ ਟੀਕਾਕਰਣ ਦਰ ਪ੍ਰਤੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਹੁਣ ਤੱਕ ਸੂਬੇ ਵਿੱਚ 2.06 ਲੱਖ ਸਿਹਤ ਸੰਭਾਲ ਵਰਕਰਾਂ ਅਤੇ 1.82 ਲੱਖ ਮੋਹਰਲੀ ਕਤਾਰ ਵਾਲੇ ਵਰਕਰਾਂ ਨੇ ਕੋਵਿਡ-19 ਦੇ ਟੀਕਾਕਰਨ ਲਈ ਨਾਮ ਦਰਜ ਕਰਵਾਇਆ ਹੈ। ਉਹਨਾ ਕਿਹਾ ਕਿ ਲਗਭਗ 79,000 (38%) ਸਿਹਤ ਸੰਭਾਲ ਕਾਮਿਆਂ ਅਤੇ 4,000 ਮੋਹਰਲੀ ਕਤਾਰ ਵਾਲੇ ਵਰਕਰਾਂ ਦਾ ਟੀਕਾਕਰਣ ਕੀਤਾ ਜਾ ਚੁੱਕਾ ਹੈ ਜੋ ਕਾਫੀ ਘੱਟ ਹੈ। ਉਹਨਾਂ ਕਿਹਾ ਕਿ ਇਹ ਟੀਕਾ ਪੂਰੀ ਤਰਾਂ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਹੁਣ ਤੱਕ ਪੰਜਾਬ ਵਿੱਚ ਇਸ ਨਾਲ ਸਬੰਧਤ ਇੱਕ ਵੀ ਮੌਤ ਦਾ ਮਾਮਲਾ ਜਾਂ ਇਸਦੇ ਮਾਰੂ ਪ੍ਰਭਾਵ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ। ਕਿਸੇ ਨੂੰ ਵੀ ਅਫਵਾਹਾਂ ਜਾਂ ਗਲਤ ਜਾਣਕਾਰੀ ਦੇ ਅਧਾਰ ’ਤੇ ਗੁਮਰਾਹ ਨਹੀਂ ਹੋਣਾ ਚਾਹੀਦਾ।

(Note : ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ  
ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ )