ਕੋਰੋਨਾ ਨੇ ਫਿਰ ਫੜੀ ਰਫ਼ਤਾਰ, ਇੰਗਲੈਂਡ ਸਰਕਾਰ ਨੇ ਕੀਤਾ ਲੌਕਡਾਊਨ

0
2977

ਜਲੰਧਰ | ਇੰਗਲੈਂਡ ‘ਚ ਫਿਰ ਲੌਕਡਾਊਨ ਲਾਗੂ ਹੋਏਗਾ। ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ 2 ਦਸੰਬਰ ਤੱਕ ਇਕ ਹੋਰ ਲੌਕਡਾਊਨ ਲਾਗੂ ਕਰਨ ਦਾ ਐਲਾਨ ਕੀਤਾ ਹੈ। ਇੰਗਲੈਂਡ ‘ਚ ਕੋਰੋਨਾਵਾਇਰਸ ਦੇ ਮਾਮਲੇ 10 ਲੱਖ ਨੂੰ ਪਾਰ ਕਰ ਗਏ ਹਨ। ਇਸ ਤਾਲਾਬੰਦੀ ਵਿੱਚ ਸਕੂਲ ਅਤੇ ਯੂਨੀਵਰਸਿਟੀਆਂ ਨੂੰ ਖੁੱਲੇ ਰਹਿਣ ਦੀ ਆਗਿਆ ਦਿੱਤੀ ਜਾਏਗੀ। ਗੈਰ ਜ਼ਰੂਰੀ ਦੁਕਾਨਾਂ, ਰੈਸਟੋਰੈਂਟ, ਪੱਬ ਅਤੇ ਹੋਟਲ ਬੰਦ ਰਹਿਣਗੇ। ਇਸ ਤੋਂ ਇਲਾਵਾ ਯਾਤਰਾ ‘ਤੇ ਵੀ ਪਾਬੰਦੀਆਂ ਹਨ।

ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਅਧਿਕਾਰਤ ਟਵਿੱਟਰ ਅਕਾਊਂਟ ਤੋਂ ਇਕ ਵੀਡੀਓ ਨੂੰ ਟਵੀਟ ਕਰਦੇ ਹੋਏ, ਘਰਾਂ ‘ਚ ਰਹਿਣ ਦੀ ਅਪੀਲ ਕੀਤੀ ਹੈ। ਟਵੀਟ ਵਿੱਚ ਕਿਹਾ ਗਿਆ ਹੈ ਕਿ ਸਥਿਤੀ ਦੀ 4 ਹਫ਼ਤਿਆਂ ਬਾਅਦ ਸਮੀਖਿਆ ਕੀਤੀ ਜਾਵੇਗੀ। ਇਸ ਤੋਂ ਬਾਅਦ ਇਸ ਨੂੰ ਵਧਾਉਣ ਜਾਂ ਖਤਮ ਕਰਨ ਦਾ ਫੈਸਲਾ ਲਿਆ ਜਾਵੇਗਾ। ਟਵੀਟ ਵਿੱਚ ਡਾਕਟਰੀ ਮਕਸਦ, ਕਸਰਤ, ਖਾਣ ਪੀਣ ਦਾ ਸਮਾਨ ਲੈਣ, ਪੜ੍ਹਾਈ ਜਾਂ ਕੰਮ ਦੇ ਸੰਬੰਧ ਵਿੱਚ ਹੀ ਘਰ ਤੋਂ ਨਿਕਲਣ ਲਈ ਕਿਹਾ ਹੈ। ਜੇ ਸੰਭਵ ਹੋਵੇ ਤਾਂ ਘਰੋਂ ਕੰਮ ਕਰੋ। ਗ਼ੈਰ-ਜ਼ਰੂਰੀ ਯਾਤਰਾ ਨੂੰ ਮੁਲਤਵੀ ਕਰਨ ਦੀ ਬੇਨਤੀ ਕੀਤੀ ਗਈ ਹੈ।
ਬੋਰਿਸ ਜੌਹਨਸਨ ਨੇ ਇਕ ਮਹੀਨੇ ਦਾ ਲੌਕਡਾਊਨ ਐਲਾਨ ਕਰਨ ਤੋਂ ਪਹਿਲਾਂ ਆਪਣੇ ਮੰਤਰੀ ਮੰਡਲ ਨਾਲ ਲੰਬੀ ਬੈਠਕ ਕੀਤੀ। ਲੌਕਡਾਊਨ ਦਾ ਫ਼ੈਸਲਾ ਮੀਟਿੰਗ ‘ਚ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ ‘ਚ ਨਿਰੰਤਰ ਵਾਧੇ ‘ਤੇ ਚਿੰਤਾ ਜ਼ਾਹਰ ਕਰਦਿਆਂ ਲਿਆ ਗਿਆ। ਹਰ ਦਿਨ ਬ੍ਰਿਟੇਨ ‘ਚ 20,000 ਤੋਂ ਵੱਧ ਨਵੇਂ ਕੋਰੋਨਾ ਵਿਸ਼ਾਣੂ ਕੇਸ ਆ ਰਹੇ ਹਨ। 31 ਜਨਵਰੀ ਤੋਂ 31 ਅਕਤੂਬਰ 2020 ਦੇ ਵਿਚਾਲੇ, ਇੰਗਲੈਂਡ ‘ਚ 10,11,660 ਸਕਾਰਾਤਮਕ ਮਾਮਲੇ ਪਾਏ ਗਏ ਹਨ। ਪਿਛਲੇ 24 ਘੰਟਿਆਂ ਵਿੱਚ, 21,915 ਨਵੇਂ ਕੇਸ ਹੋਏ ਅਤੇ 326 ਮੌਤਾਂ ਹੋਈਆਂ।