ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਕੀਤਾ ਦਾਅਵਾ, ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ‘ਤੇ ਹੋਏ ਹਮਲੇ ‘ਚ ਕਿਸਾਨ ਯੂਨੀਅਨ ਦੇ ਮੈਂਬਰ ਸ਼ਾਮਲ

0
581

ਚੰਡੀਗੜ੍ਹ | ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਬੀਜੇਪੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਹੋਏ ਹਮਲੇ ‘ਚ ਵੱਡਾ ਦਾਅਵਾ ਕੀਤਾ ਹੈ। ਦਿਨਕਰ ਗੁਪਤਾ ਮੁਤਾਬਿਕ ਹਮਲੇ ਵਿੱਚ ਸ਼ਮੂਲੀਅਤ ਲਈ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਮੈਂਬਰਾਂ ਦੀ ਸ਼ਨਾਖਤ ਵੀ ਕਰ ਲਈ ਗਈ ਹੈ ਜਿਨ੍ਹਾਂ 12 ਅਕਤੂਬਰ ਨੂੰ ਅਸ਼ਵਨੀ ਸ਼ਰਮਾ ਤੇ ਹਮਲਾ ਕੀਤਾ ਸੀ। ਕੈਪਟਨ ਨੇ ਜਾਰੀ ਇੱਕ ਬਿਆਨ ਰਾਹੀਂ ਭਾਜਪਾ ਤੇ ਦੋਸ਼ ਵੀ ਲਾਏ ਹਨ ਕਿ ਬੀਜੇਪੀ ਗੁਮਰਾਹਕੁੰਨ ਪ੍ਰਚਾਰ ਕਰ ਰਹੀ ਹੈ।

ਮੁੱਖ ਮੰਤਰੀ ਦਫ਼ਤਰ ਵਲੋਂ ਜਾਰੀ ਇੱਕ ਬਿਆਨ ਮੁਤਾਬਿਕ, 12 ਅਕਤੂਬਰ ਦੀ ਘਟਨਾ ਬਾਰੇ ਵੇਰਵਾ ਦਿੰਦਿਆਂ ਡੀਜੀਪੀ ਨੇ ਦੱਸਿਆ ਕਿ ਸ਼ਾਮ 7 ਵਜੇ ਦੇ ਕਰੀਬ ਵੱਖ-ਵੱਖ ਕਿਸਾਨ ਯੂਨੀਅਨਾਂ ਨਾਲ ਸਬੰਧਤ 25 ਪ੍ਰਦਰਸ਼ਨਕਾਰੀ ਸ਼ਰਮਾ ਦੇ ਗੱਡੀਆਂ ਦੇ ਕਾਫ਼ਲੇ ਸਾਹਮਣੇ ਆਣ ਖੜ੍ਹੇ ਹੋਏ ਅਤੇ ਅਚਾਨਕ ਉਹ ਕਾਲੇ/ਪੀਲੇ ਰੰਗ ਦੇ ਝੰਡੇ ਚੁੱਕੀ ਉਨ੍ਹਾਂ ਦੇ ਪਾਇਲਟ ਸੁਰੱਖਿਆ ਵਾਹਨ ਅਤੇ ਇਨੋਵਾ ਗੱਡੀ ਅੱਗੇ ਆ ਕੇ ਨਾਅਰੇਬਾਜ਼ੀ ਕਰਨ ਲੱਗੇ। ਡੀਜੀਪੀ ਦਿਨਕਰ ਗੁਪਤਾ ਅਨੁਸਾਰ ਇਹ ਪ੍ਰਦਰਸ਼ਨਕਾਰੀ ਤਕਰੀਬਨ 2 ਹਫਤਿਆਂ ਤੋਂ ਐਨਐਚ-1 ’ਤੇ ਪੈਂਦੇ ਚੌਲਾਂਗ ਵਿਖੇ ਟੋਲ ਪਲਾਜ਼ਾ ’ਤੇ ਬੈਠੇ ਸੀ।


ਡੀਜੀਪੀ ਨੇ ਅੱਗੇ ਕਿਹਾ ਕਿ 15-18 ਸੈਕਿੰਡ ਦੇ ਵਿਰੋਧ ਤੋਂ ਬਾਅਦ, ਕਾਫ਼ਲੇ ਵਿਚਲੇ ਦੋਵੇਂ ਵਾਹਨਾਂ ਨੂੰ ਜਾਣ ਦਿੱਤਾ ਗਿਆ ਪਰ ਪ੍ਰਦਰਸ਼ਨਕਾਰੀਆਂ ਵਿੱਚੋਂ ਇਕ ਵਿਅਕਤੀ ਨੇ ਝੰਡੇ ਦੀ ਸੋਟੀ ਨਾਲ ਇਨੋਵਾ ਦੇ ਪਿਛਲੇ ਸ਼ੀਸ਼ੇ ਨੂੰ ਤੋੜ ਦਿੱਤਾ। ਇਸ ਦੌਰਾਨ ਇਨੋਵਾ ਦੇ ਇੱਕ ਪਾਸੇ ਦੀ ਗਲਾਸ ਵਿੰਡੋ ਦਾ ਵੀ ਨੁਕਸਾਨ ਹੋਇਆ। ਸੁਰੱਖਿਆ ਇੰਚਾਰਜ ਏਐਸਆਈ ਹਰੀ ਰਾਮ ਅਤੇ ਪੰਜਾਬ ਪੁਲਿਸ ਦੇ 3 ਕਮਾਂਡੋ ਸਮੇਤ 7 ਤੋਂ ਵੱਧ ਨਿੱਜੀ ਸੁਰੱਖਿਆ ਅਫਸਰ, ਜੋ ਘਟਨਾ ਸਮੇਂ ਸ਼ਰਮਾ ਦੇ ਨਾਲ ਸੀ, ਤੁਰੰਤ ਆਪਣੇ ਵਾਹਨਾਂ ’ਚੋਂ ਉਤਰ ਗਏ ਅਤੇ ਭਾਜਪਾ ਦੇ ਪੰਜਾਬ ਮੁਖੀ ਨੂੰ ਸੁਰੱਖਿਅਤ ਉੱਥੋਂ ਪਰਾਂ ਲੈ ਗਏ। ਉਨਾਂ ਨੂੰ ਦਸੂਹਾ (ਹੁਸ਼ਿਆਰਪੁਰ) ਥਾਣੇ ਲਿਜਾਇਆ ਗਿਆ ਜਿੱਥੇ ਡੀਐਸਪੀ ਟਾਂਡਾ ਅਤੇ ਐਸਐਸਪੀ ਹਸ਼ਿਆਰਪੁਰ ਵੀ ਪਹੰਚੇ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਅਸ਼ਵਨੀ ਸ਼ਰਮਾ ਦੀ ਗੱਡੀ ’ਤੇ ਹੋਏ ਹਮਲੇ ਦੇ ਮੱਦੇਨਜ਼ਰ ਸੂਬੇ ਦੀ ਅਮਨ ਕਾਨੂੰਨ ਦੀ ਵਿਵਸਥਾ ਵਿੱਚ ਵਿਘਨ ਪਾਉਣ ਦੀ ਮਨਸ਼ਾ ਨਾਲ ਭੜਕਾਊ ਕਾਰਵਾਈਆਂ ਕਰਨ ਲਈ ਭਾਰਤੀ ਜਨਤਾ ਪਾਰਟੀ ਦੀ ਸਖ਼ਤ ਆਲੋਚਨਾ ਵੀ ਕੀਤੀ ਹੈ। ਉਨਾਂ ਕਿਹਾ ਕਿ ਪੁਲਿਸ ਪਹਿਲਾਂ ਹੀ ਵੱਖ-ਵੱਖ ਕਿਸਾਨ ਯੂਨੀਅਨਾਂ ਦੇ ਮੈਂਬਰਾਂ ਦੀ ਇਸ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ ਵਜੋਂ ਪਛਾਣ ਕਰ ਚੁੱਕੀ ਹੈ।

ਸ਼ਰਮਾ ਦੀ ਬੇਤੁੱਕੀ ਬਿਆਨਬਾਜ਼ੀ ਅਤੇ ਪੰਜਾਬ ਕਾਂਗਰਸ ਖਿਲਾਫ਼ ਨਿਰਆਧਾਰ ਦੋਸ਼ ਲਾਉਣ ’ਤੇ ਕਰੜੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਭਾਜਪਾ ਦੇ ਪੰਜਾਬ ਪ੍ਰਧਾਨ ਆਪਣੀ ਪਾਰਟੀ ਦੇ ਹਿੱਤ ਅੱਗੇ ਵਧਾਉਣ ਲਈ ਕੂੜ ਪ੍ਰਚਾਰ ਫੈਲਾਉਣ ਲਈ ਪੱਬਾਂ ਭਾਰ ਹੋਏ ਫਿਰਦੇ ਹਨ। ਉਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਦਾ ਸਪੱਸ਼ਟ ਮਨੋਰਥ ਖੇਤੀ ਕਾਨੂੰਨਾਂ ਬਾਰੇ ਭਾਜਪਾ ਖਿਲਾਫ਼ ਕਿਸਾਨਾਂ ਵਿੱਚ ਪੈਦਾ ਹੋਏ ਰੋਹ ਤੋਂ ਲੋਕਾਂ ਦਾ ਧਿਆਨ ਹਟਾਉਣਾ ਹੈ।