ਖਟਕੜ ਕਲਾਂ . ਖੇਤੀ ਬਿੱਲਾਂ ਖਿਲਾਫ ਹੋ ਰਹੇ ਧਰਨਿਆਂ ‘ਚ ਹਿੱਸਾ ਲੈਣ ਲਈ ਆਖਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਘਰੋਂ ਬਾਹਰ ਨਿਕਲੇ ਹਨ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਖਟਕੜ ਕਲਾਂ ਪਹੁੰਚੇ ਸੂਬੇ ਦੇ ਮੁੱਖ ਮੰਤਰੀ ਨੇ ਕੇਂਦਰ ਵੱਲ ਸ਼ਬਦੀ ਤੀਰ ਚਲਾਏ ਹਨ। ਕੈਪਟਨ ਨੇ ਕਿਹਾ ਕੇਂਦਰ ਨੇ ਜੋ ਬਵਾਲ ਕੀਤਾ ਹੈ ਉਸ ਨਾਲ ਪੰਜਾਬ ਦੀ ਸ਼ਾਂਤੀ ਭੰਗ ਹੋ ਸਕਦੀ ਹੈ। ਉਨ੍ਹਾਂ ਕਿਹਾ ISI ਦੇਖਦੀ ਹੈ ਕਿ ਕਿਸ ਨੂੰ ਬੰਬ ਤੇ ਬਾਰੂਦ ਦੇਵੇ। ਪੰਜਾਬ ਨੇ ਪਹਿਲਾਂ ਹੀ ਵੱਡੀ ਮਾਤਰਾ ‘ਚ ਹਥਿਆਰ ਬਰਾਮਦ ਕੀਤੇ ਹਨ ਜੋ ਪਾਕਿਸਤਾਨ ਤੋਂ ਆਏ ਸਨ। ਕੈਪਟਨ ਦਾ ਇਸ਼ਾਰਾ ਇਸ ਵੱਲ ਸੀ ਕਿ ਪੰਜਾਬ ‘ਚ ਖੇਤੀ ਬਿੱਲਾਂ ਕਾਰਨ ਵਿਗੜੇ ਮਾਹੌਲ ਦਾ ਪਾਕਿਸਤਾਨ ਨਜ਼ਾਇਜ਼ ਫਾਇਦਾ ਚੁੱਕ ਸਕਦਾ ਹੈ।
ਕੈਪਟਨ ਨੇ ਖੇਤੀ ਬਿੱਲਾਂ ਖਿਲਾਫ ਅਦਾਲਤੀ ਰੁਖ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਝੂਠ ਬੋਲ ਰਹੇ ਹਨ। ‘ਪੰਜਾਬ ਸਰਕਾਰ ਨਾਲ ਕੋਈ ਵਿਚਾਰ ਚਰਚਾ ਨਹੀਂ ਹੋਈ’। ਬਿਨਾਂ ਸੂਬਿਆਂ ਤੋਂ ਪੁੱਛੇ ਸਿੱਧਾ ਫੈਸਲਾ ਲਿਆ ਗਿਆ ਹੈ। ਅਜਿਹੇ ‘ਚ ਕੈਪਟਨ ਨੇ ਕਾਨੂੰਨੀ ਲੜਾਈ ਲੜਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਸੁਪਰੀਮ ਕੋਰਟ ‘ਚ ਜਾ ਕੇ ਲੜਾਈ ਲੜੀ ਜਾਵੇਗੀ। ਉਨ੍ਹਾਂ ਸੂਬਿਆਂ ਦੀ ਤਾਕਤ ਤੇ ਹੱਕਾਂ ਦਾ ਘਾਣ ਕਰਨ ਦਾ ਸਵਾਲ ਚੁੱਕਿਆ।
ਕੈਪਟਨ ਨੇ ਕਿਹਾ ਦਿੱਲੀ ਵਾਲਿਆਂ ਨੂੰ ਖੇਤੀ ਬਾਰੇ ਕੋਈ ਅਤਾ ਪਤਾ ਨਹੀਂ ਹੈ। ਪੰਜਾਬ ‘ਚ ਜ਼ਿਆਦਾਤਰ 5 ਕਿੱਲਿਆਂ ਤੋਂ ਘੱਟ ਵਾਲੇ ਕਿਸਾਨ ਹਨ। ਉਨ੍ਹਾਂ ਕਿਹਾ ਕੇਂਦਰੀ ਖੇਤੀ ਬਿੱਲ ‘ਗਰੀਬ ਕਿਸਾਨਾਂ ਤੇ ਮਜ਼ਦੂਰਾਂ ਦੀ ਜ਼ਿੰਦਗੀ ਨਾਲ ਖਿਲਵਾੜ’ ਕਰਨ ਵਾਲੇ ਹਨ। ਗਰੀਬ ਕਿਸਾਨਾਂ ਨੇ ਮਿਹਨਤ ਕਰ ਦੇਸ਼ ਦਾ ਢਿੱਡ ਭਰਿਆ ਹੈ। ਕੈਪਟਨ ਨੇ ਸਵਾਲ ਚੁੱਕਿਆ ਕਿ ਕੀ ਵੱਡੇ ਕਾਰਪੋਰੇਟ ਘਰਾਣੇ ਗਰੀਬਾਂ ਨੂੰ ਰੋਟੀ ਦੇਣਗੇ?
ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ‘ਚ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਖੇਤੀ ਬਿੱਲਾਂ ਖਿਲਾਫ ਧਰਨਾ ਲਾਇਆ ਗਿਆ।