ਜਲੰਧਰ ਦੇ ਨਾਖਾਂ ਵਾਲਾ ਬਾਗ ‘ਚ ਪੁਲਿਸ ਮੁਲਾਜ਼ਮ ਦਾ ਕਤਲ, ਮ੍ਰਿਤਕ ਦੀ ਲੜਕੀ ਨੇ ਆਪਣੇ ਪਤੀ ਨੂੰ ਕਿਹਾ ਦੋਸ਼ੀ

0
1541

ਜਲੰਧਰ . ਜ਼ਿਲ੍ਹਾ ਜਲੰਧਰ ਦੇ ਬਸਤੀ ਬਾਵਾ ਖੇਲ ਦੇ ਤਹਿਤ ਪੈਂਦੇ ਨਾਖਾਂ ਵਾਲੇ ਬਾਗ ਦੇ ਕੋਲ ਇੱਕ ਪੁਲਿਸ ਮੁਲਾਜ਼ਮ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਸੀਪੀ ਵੈਸਟ ਬਰਜਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਲੜਕੀ ਨੇ ਆਰੋਪ ਲਾਏ ਹਨ ਕਿ ਉਸਦੇ ਪਿਤਾ ਦੀ ਹੱਤਿਆ ਉਸਦੇ ਪਤੀ ਨੇ ਚਾਕੂ ਮਾਰ ਕੇ ਕੀਤੀ ਹੈ।

ਬਸਤੀ ਬਾਵਾ ਖੇਲ ਦਾ ਰਹਿਣ ਵਾਲਾ ਪੁਲਿਸ ਮਲੁਜ਼ਮ ਘਰੋਂ ਕੁੱਝ ਸਮਾਨ ਦੀ ਖਰੀਦ ਲਈ ਨਿਕਲਿਆ ਸੀ।ਇਸ ਦੌਰਾਨ ਨਾਖਾਂ ਵਾਲੇ ਬਾਗ਼ ਦੇ ਨਜ਼ਦੀਕ ਪਹੁੰਚਿਆ ਤਾਂ ਕਿਸੇ ਵਿਅਕਤੀ ਨੇ ਉਸਨੂੰ ਰੋਕਿਆ ਅਤੇ ਉਸ ਦੇ ਪੇਟ ਵਿੱਚ ਚਾਕੂ ਨਾਲ ਵਾਰ ਕਰ ਦਿੱਤਾ। ਜਿਸ ਤੋਂ ਬਾਅਦ ਚਾਕੂ ਉਸਦੇ ਪੇਟ ‘ਚ ਹੀ ਛੱਡ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।ਇਸ ਘਟਨਾ ਤੋਂ ਬਾਅਦ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਜਾਂਚ ਕਰ ਰਹੀ ਹੈ। ਮ੍ਰਿਤਕ ਦੀ ਪਛਾਣ ਪੁਲਿਸ ਮੁਲਾਜ਼ਮ ਦਾਰਾ ਵਜੋਂ ਹੋਈ ਹੈ।

ਮ੍ਰਿਤਕ ਦੀ ਧੀ ਦਾ ਵਿਆਹ ਕੁੱਝ ਸਮਾਂ ਪਹਿਲਾਂ ਰਵੀ ਨਾਮ ਦੇ ਵਿਅਕਤੀ ਨਾਲ ਹੋਇਆ ਸੀ।ਉਸਦਾ ਘਰ ਵਾਲਾ ਉਸ ਨਾਲ ਮਾਰ ਕੁੱਟ ਕਰਦਾ ਸੀ।ਮ੍ਰਿਤਕ ਦਾਰਾ ਨੇ ਉਸਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ।ਹੁਣ ਮ੍ਰਿਤਕ ਦੀ ਬੇਟੀ ਦਾ ਦੋਸ਼ ਹੈ ਕਿ ਉਸਦੇ ਪਤੀ ਨੇ ਹੀ ਉਸਦੇ ਪਿਤਾ ਦਾ ਕਤਲ ਕੀਤਾ ਹੈ।