ਜੇਕਰ ਤੁਸੀਂ ਖੰਘ, ਜੁਕਾਮ ਜਾਂ ਬੁਖਾਰ ਦੀ ਦਵਾਈ ਲੈਣ ਕੈਮਿਸਟ ਕੋਲ ਗਏ ਤਾਂ ਤੁਹਾਡੇ ਘਰ ਆ ਸਕਦੇ ਹਨ ਸਿਹਤ ਵਿਭਾਗ ਵਾਲੇ

0
1130

ਗੁਰਪ੍ਰੀਤ ਡੈਨੀ | ਜਲੰਧਰ

ਜੇਕਰ ਤੁਹਾਨੂੰ ਹਲਕਾ ਬੁਖਾਰ, ਜੁਕਾਮ, ਛਿੱਕਾਂ ਆ ਰਹੀਆਂ ਹਨ ਤੇ ਤੁਸੀਂ ਕਿਸੇ ਕੈਮਿਸਟ ਕੋਲੋਂ ਦਵਾਈ ਲੈਣ ਜਾਂਦੇ ਹੋ ਤਾਂ ਉਸ ਨੂੰ ਤੁਹਾਡੀ ਜਾਣਕਾਰੀ ਡੀਸੀ ਦਫਤਰ ਨੂੰ ਦੇਣੀ ਪਵੇਗੀ।

ਜਲੰਧਰ ਦੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਇਹ ਹੁਕਮ ਜਿਲ੍ਹੇ ਦੇ ਕੈਮਿਸਟਾਂ, ਆਰਐਮਪੀ ਡਾਕਟਰਾਂ ਲਈ ਜਾਰੀ ਕੀਤੇ ਹਨ।  

ਡੀਸੀ ਵਲੋਂ ਜਾਰੀ ਆਡਰ ਵਿਚ ਲਿਖਿਆ ਹੈ ਕਿ ਕਈ ਵਿਅਕਤੀ ਜਿਹਨਾਂ ਨੂੰ ਬੁਖਾਰ, ਜੁਕਾਮ ਤੇ ਛਿੱਕਾਂ ਆਉਦੀਆਂ ਹਨ ਉਹ ਆਪਣੇ ਤੌਰ ਉੱਤੇ ਕੈਮਿਸਟ ਦੀਆਂ ਦੁਕਾਨਾਂ, ਆਰਐਮਪੀ ਡਾਕਟਰਾਂ, ਮੁਹੱਲੇ ਦੇ ਕਲੀਨਿਕਾਂ ਅਤੇ ਆਯੂਰਵੈਦਿਕ ਡਾਕਟਰਾਂ ਕੋਲੋਂ ਦਵਾਈ ਲੈ ਲੈਂਦੇ ਹਨ, ਜੋ ਕਿ ਅਸਲ ਵਿਚ ਕੋਰੋਨਾ ਦੇ ਮਰੀਜ਼ ਹੁੰਦੇ ਹਨ। ਕੈਮਿਸਟ ਜਾਂ ਡਾਕਟਰ ਜਦੋਂ ਤੁਹਾਡੀ ਜਾਣਕਾਰੀ ਡੀਸੀ ਦਫ਼ਤਰ ਨੂੰ ਦੇਣਗੇ ਤਾਂ ਹੋ ਸਕਦਾ ਹੈ ਕਿ ਤੁਹਾਡੇ ਘਰ ਜਾਂਚ ਲਈ ਸਿਹਤ ਵਿਭਾਗ ਦੀ ਟੀਮ ਆ ਸਕਦੀ ਹੈ।

ਆਡਰ ਵਿਚ ਅੱਗੇ ਲਿਖਿਆ ਹੈ ਕਿ ਸੈਲਫ਼ ਮੈਡੀਕੇਸ਼ਨ ਅਤੇ ਸਹੀ ਟ੍ਰੀਟਮੈਂਟ ਨਾ ਹੋਣ ਕਾਰਨ ਕਈਆਂ ਦੀ ਮੌਤ ਵੀ ਹੋ ਜਾਂਦੀ ਹੈ। ਇਸ ਤੋਂ ਇਲਾਵਾ ਪ੍ਰਾਇਵੇਟ ਹਸਪਤਾਲਾਂ ਵਲੋਂ ਸਿਵਲ ਹਸਪਤਾਲ ਵਿਖੇ ਉਸ ਵੇਲੇ ਰਿਪੋਰਟ ਕੀਤੀ ਜਾਂਦੀ ਹੈ, ਜਦੋਂ ਮਰੀਜ਼ ਦੀ ਹਾਲਤ ਬਹੁਤ ਜ਼ਿਆਦਾ ਸੀਰੀਅਸ ਹੋ ਜਾਂਦੀ ਹੈ ਤੇ ਉਹਨਾਂ ਦੀ ਜਾਨ ਬਚਾਉਣੀ ਮੁਸ਼ਕਲ ਹੁੰਦੀ ਹੈ।

ਇਸ ਆਡਰ ਵਿਚ ਸਾਰੀ ਜਾਣਕਾਰੀ ਪੜ੍ਹੀ ਜਾ ਸਕਦੀ ਹੈ।

ਇਸ ਬਾਰੇ ਜਦੋਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਦੇ ਡਾਕਟਰ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਦੱਸਿਆ ਕਿ, ਇਹਨਾਂ ਦਿਨਾਂ ਵਿਚ ਮੌਮਸ ਦੀ ਤਬਦੀਲੀ ਜਾਂ ਹੁੰਮਸ ਕਾਰਨ ਬੁਖਾਰ ਹੋਣਾ ਆਮ ਗੱਲ ਹੈ, ਇਸ ਨੂੰ ਇਹ ਕਹਿ ਦੇਣਾ ਕੀ ਇਹ ਤਾਂ ਕੋਰੋਨਾ ਦੇ ਲੱਛਣ ਹਨ, ਇਹ ਠੀਕ ਨਹੀਂ ਹੈ। ਡਾਕਟਰ ਨੇ ਅੱਗੇ ਦੱਸਿਆ ਕਿ ਹੁਣ ਲੋਕਾਂ ਦੇ ਸੈੱਲ ਘਟਣ ਵਾਲਾ ਰੋਗ ਵੀ ਸ਼ੁਰੂ ਹੋ ਗਿਆ ਹੈ ਜੋ ਸਤੰਬਰ ਤੱਕ ਬਹੁਤ ਵੱਧ ਜਾਂਦਾ ਹੈ, ਇਸ ਬਿਮਾਰੀ ਦੇ ਲੱਛਣ ਵੀ ਖੰਘ, ਜੁਕਾਮ ਤੇ ਹਲਕਾ-ਹਲਕਾ ਬੁਖਾਰ ਹੁੰਦਾ ਹੈ। ਹੁਣ ਇਸ ਨੂੰ ਅਸੀਂ ਕੋਰੋਨਾ ਦੇ ਲੱਛਣਾਂ ਨਾਲ ਨਹੀਂ ਜੋੜ ਸਕਦੇ।

ਜਾਰੀ ਹੁਕਮ ਬਾਰੇ ਜਦੋਂ ਡੀਸੀ ਥੋਰੀ ਨਾਲ ਗੱਲ ਕਰਨ ਲਈ ਫੋਨ ਕੀਤਾ ਤਾਂ ਉਹਨਾਂ ਨੇ ਫੋਨ ਨਹੀਂ ਚੁੱਕਿਆ।