ਚੰਡੀਗੜ੍ਹ . ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਨਾਲ ਮਰਨ ਵਾਲੀਆਂ ਦੀ ਗਿਣਤੀ 39 ਹੋ ਗਈ ਹੈ। ਇਸ ਮਾਮਲੇ ‘ਚ ਹੁਣ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦਿਹਾਤੀ, ਬਟਾਲਾ ਅਤੇ ਤਰਨ ਤਾਰਨ ਜ਼ਿਲ੍ਹਿਆਂ ਤੋਂ ਸੱਤ ਹੋਰ ਗੈਰਕਾਨੂੰਨੀ ਸ਼ਰਾਬ ਬਣਾਉਣ ਅਤੇ ਵੇਚਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਇਨ੍ਹਾਂ ਗ੍ਰਿਫਤਾਰੀਆਂ ਦੇ ਨਾਲ, ਇਸ ਮਾਮਲੇ ‘ਚ ਹੁਣ ਤੱਕ ਫੜੇ ਗਏ ਵਿਅਕਤੀਆਂ ਦੀ ਗਿਣਤੀ ਅੱਠ ਹੋ ਗਈ ਹੈ। ਜਿਸ ਵਿੱਚ ਬਲਵਿੰਦਰ ਕੌਰ ਵੀ ਸ਼ਾਮਲ ਹੈ, ਜਿਸ ਨੂੰ ਬੀਤੀ ਰਾਤ ਮੁੱਛਲ ਪਿੰਡ, ਥਾਣਾ ਤਰਸਿੱਕਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ।
ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ, ਡਰੱਮ, ਸਟੋਰੇਜ ਕੈਨ ਆਦਿ ਬਰਾਮਦ ਕੀਤੇ ਗਏ ਹਨ ਅਤੇ ਉਕਤ ਸ਼ਰਾਬ ਦੇ ਨਸ਼ੇ ਦੀ ਜਾਂਚ ਲਈ ਇਹ ਸਾਰੇ ਸਮਗਰੀ ਰਸਾਇਣਕ ਵਿਸ਼ਲੇਸ਼ਣ ਲਈ ਭੇਜੇ ਗਏ ਹਨ।ਉਨ੍ਹਾਂ ਕਿਹਾ ਕੇ ਇਸ ਮਾਮਲੇ ‘ਚ ਵਧੇਰੇ ਗ੍ਰਿਫਤਾਰੀਆਂ ਹੋਣ ਦੀ ਸੰਭਾਵਨਾ ਹੈ।
ਬਲਵਿੰਦਰ ਕੌਰ ਅਤੇ ਮਿੱਠੂ ਨੂੰ ਅੰਮ੍ਰਿਤਸਰ ਦਿਹਾਤੀ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ, ਦੋ ਵਿਅਕਤੀ ਦਰਸ਼ਨ ਰਾਣੀ ਅਤੇ ਰਾਜਨ ਨੂੰ ਬਟਾਲਾ ਜ਼ਿਲ੍ਹੇ ਤੋਂ ਅਤੇ ਚਾਰ ਹੋਰ ਵਿਅਕਤੀਆਂ ਕਸ਼ਮੀਰ ਸਿੰਘ, ਅੰਗਰੇਜ਼ ਸਿੰਘ, ਅਮਰਜੀਤ ਅਤੇ ਬਲਜੀਤ ਨੂੰ ਤਰਨਤਾਰਨ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਸ਼ੁੱਕਰਵਾਰ ਸ਼ਾਮ ਤੱਕ, ਅੰਮ੍ਰਿਤਸਰ ਦਿਹਾਤੀ ਵਿੱਚ ਜ਼ਹਿਰੀਲੀ ਸ਼ਰਾਬ ਨਾਲ 10 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਬਟਾਲਾ ਵਿੱਚ 9 ਅਤੇ ਤਰਨਤਾਰਨ ਵਿੱਚ 19 ਵਿਅਕਤੀਆਂ ਦੀ ਮੌਤ ਹੋਈ। ਡੀਜੀਪੀ ਨੇ ਕਿਹਾ ਕਿ ਮਰੇ ਹੋਏ ਲੋਕਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਸਪੱਸ਼ਟ ਤੌਰ ‘ਤੇ ਕਈ ਇਲਾਕਿਆਂ ਵਿੱਚ ਨਸ਼ੀਲੇ ਪਦਾਰਥਾਂ ਦਾ ਫੈਲਾਅ ਫੈਲਿਆ ਹੋਇਆ ਹੈ।