ਜਲੰਧਰ . ”ਅਸੀਂ ਕਾਗ਼ਜ਼ ਨਹੀੰ ਦਿਖਾਵਾਂਗੇ” ਦੇ ਨਾਅਰੇ ਨਾਲ਼ ਅੱਜ ਇੱਥੇ ਸਥਾਨਕ ਡਾ. ਬੀ.ਆਰ ਅੰਬੇਡਕਰ ਚੌਕ ‘ਚ ਲੇਖਕਾਂ, ਬੁੱਧੀਜੀਵੀਆਂ ਵਲੋਂ ਸੀਏਏ, ਐੱਨਆਰਸੀ ਅਤੇ ਐੱਨਪੀਆਰ ਵਿਰੁੱਧ ਧਰਨਾ ਸਫਲਤਾਪੂਰਵਕ ਸੰਪੰਨ ਹੋ ਗਿਆ। ‘ਵੀ ਦਿ ਪੀਪਲ ਆਫ ਇੰਡੀਆ’ ਦੇ ਬੈਨਰ ਹੇਠ ਇਸ ਧਰਨੇ ਨੂੰ ਡਾ. ਪਿਆਰਾ ਲਾਲ ਗਰਗ ਹੋਰਾਂ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਨਾਸਿਰਫ ਇਹਨਾਂ ਲੋਕ-ਮਾਰੂ ਕਾਨੂੰਨਾ ਦੀ ਕ੍ਰੋਨੋਲੌਜੀ ਹਾਜ਼ਰੀਨ ਸਾਹਮਣੇ ਨਸ਼ਰ ਕੀਤੀ ਬਲਕਿ ਇਹਨਾਂ ਦੇ ਸਮਾਜ ਦੇ ਵੱਖ-ਵੱਖ ਤਬਕਿਆਂ ਉਪਰ ਪੈਣ ਵਾਲੇ ਮਾੜੇ ਪ੍ਰਭਾਵਾਂ ਨੂੰ ਵੀ ਖੋਲ ਕੇ ਰੱਖਿਆ।
ਉਹਨਾਂ ਭਾਰਤ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੇਂਦਰੀ ਸਰਕਾਰ ਉਤੇ ਭਾਰਤੀ ਅਵਾਮ ਨਾਲ ਲਗਾਤਾਰ ਝੂਠ ਬੋਲਣ ਦਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਇਸ ਸਰਕਾਰ ਨੇ ਹਰੇਕ ਮੁਹਾਜ਼ ਤੇ ਜਨਤਾ ਨਾਲ ਦਗਾ ਕਮਾਇਆ ਹੈ।
ਨਾਗਰਿਕਤਾ ਸੰਬੰਧੀ ਉਨਾਂ ਦੱਸਿਆ ਕਿ ਭਾਰਤ ਦਾ ਨਾਗਰਿਕ ਕੌਣ ਹੋਵੇਗਾ ਅਤੇ ਕਿਸਨੂੰ ਅਤੇ ਕਿਵੇਂ ਨਾਗਰਿਕਤਾ ਦੇਣੀ ਹੈ ਇਸਦਾ ਵੇਰਵਾ ਸੰਵਿਧਾਨ ਵਿੱਚ ਆਰਟੀਕਲ 5 ਤੋਂ ਲੈ ਕੇ 11 ਤੱਕ ਵਿਸਥਾਰ ਨਾਲ ਦਿੱਤਾ ਹੋਇਆ ਹੈ। ਇਸ ਵਿਸ਼ੇ ਤੇ ਡਾ. ਅੰਬੇਡਕਰ ਹੋਰੀਂ ਲਗਾਤਾਰ ਤਿੰਨ ਦਿਨ ਸੰਵਿਧਾਨ ਸਭਾ ਨੂੰ ਜਵਾਬ ਦਿੰਦੇ ਰਹੇ ਅਤੇ ਫਿਰ ਨਾਗਰਿਕਤਾ ਸੰਬੰਧੀ ਤਜ਼ਵੀਜਾਂ ਪ੍ਰਵਾਨ ਹੋਈਆਂ।
ਡਾ. ਗਰਗ ਨੇ ਦੱਸਿਆ ਕਿ ਉਸ ਵੇਲੇ ਵੀ ਕੁਝ ਫਿਰਕੂ ਲੋਕ ਧਰਮ ਦੇ ਆਧਾਰ ਤੇ ਨਾਗਰਿਕਤਾ ਦੇਣ ਦੇ ਹੱਕ ‘ਚ ਸਨ ਅਤੇ ਭਾਰਤ ਨੂੰ ‘ਹਿੰਦੂ ਰਾਸ਼ਟਰ’ ਬਣਾਉਣ ਦੇ ਚੱਕਰ ਸਨ ਪਰ ਉਸ ਵੇਲੇ ਭਾਰਤ ਤਾਜ਼ਾ-ਤਾਜ਼ਾ ਆਜ਼ਾਦੀ ਸੰਗਰਾਮ ਇਕੱਠਿਆਂ ਜਿੱਤਿਆ ਸੀ, ਇਸ ਲਈ ਉਨਾਂ ਫਿਰਕੂ ਤਾਕਤਾਂ ਦੀ ਡਾ. ਅੰਬੇਡਕਰ ਦੇ ਤਰਕਾਂ ਅੱਗੇ ਇਕ ਨਾ ਚੱਲੀ।
ਆਪਣੇ ਸੰਬੋਧਨ ‘ਚ ਉਨਾਂ ਅੱਗੇ ਕਿਹਾ ਕਿ ਮੋਦੀ ਸਰਕਾਰ ਐੱਨਆਰਸੀ ਬਾਰੇ ਲਗਾਤਾਰ ਝੂਠ ਬੋਲ ਰਹੀ ਹੈ ਜਦੋਂਕਿ ਇਸ ਸਬੰਧੀ 2003 ‘ਚ ਹੀ ਵਾਜਪਾਈ ਸਰਕਾਰ ਵੇਲੇ ਹੀ ਗੈਰਸੰਵਿਧਾਨਿਕ ਤਰਮੀਮਾਂ ਕਰ ਦਿੱਤੀਆਂ ਗਈਆਂ ਸਨ। ਐੱਨਆਰਸੀ ਵਿਰੁਧ ਉਠੇ ਵੱਡੇ ਲੋਕ-ਰੋਹ ਤੋਂ ਡਰਦਿਆਂ ਮੋਦੀ ਸਰਕਾਰ ਇਸ ਕਾਲੇ ਕਾਰਨਾਮੇ ਨੂੰ ਐਨਪੀਆਰ ਰਾਹੀਂ ਲੁਕਵੇਂ ਰੂਪ ‘ਚ ਸਿਰੇ ਚਾੜਨ ਦੀਆਂ ਸਾਜ਼ਿਸ਼ਾਂ ਕਰ ਰਹੀ ਹੈ। ਐਨਪੀਆਰ ਦੀ ਡਾਟਾ ਹੀ ਬਾਅਦ ‘ਚ ਐਨਆਰਸੀ ‘ਚ ਇਨਪੁੱਟ ਵਜੋਂ ਵਰਤਿਆ ਜਾਵੇਗਾ। ਉਨਾਂ ਲੋਕਾਂ ਨੂੰ ਚੌਕੰਨਿਆਂ ਕੀਤਾ ਕਿ ਜੇਕਰ ਅਸੀਂ ਇਹ ਸਮਝਕੇ ਕਿ ਇਹ ਸਭ ਮੁਸਲਮਾਨਾਂ ਲਈ ਹੈ, ਅਸੀਂ ਅੱਜ ਅਵੇਸਲੇ ਹੋ ਗਏ ਤਾਂ, ਇਸ ਕਾਨੂੰਨ ਦੇ ਅਮਲ ਤੋਂ ਬਾਅਦ ਭਾਰਤ ਦਾ ਹਰ ਬੇਜ਼ਮੀਨਾ, ਆਦਿਵਾਸੀ, ਦਲਿਤ, ਘੱਟ-ਗਿਣਤੀ ਆਪਣੀ ਨਾਗਰਿਕਤਾ ਖੋਹ ਬੈਠੇਗਾ। ਇਸ ਲਈ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕੇ ਇਨਾਂ ਕਾਲੇ ਕਾਨੂੰਨਾ ਦਾ ਡੱਟ ਕੇ ਵਿਰੋਧ ਕਰੀਏ।
ਇਸ ਮੌਕੇ ਹਰਵਿੰਦਰ ਭੰਡਾਲ, ਅਮੋਲਕ, ਡਾ. ਪਰਮਿੰਦਰ, ਦੀਪਕ ਬਾਲੀ,ਜਗਦੀਸ਼ ਰਾਣਾ, ਦੇਸਰਾਜ ਕਾਲੀ, ਡਾ. ਜਗਜੀਤ ਚੀਮਾ ਆਦਿ ਨੇ ਵੀ ਸੰਬੋਧਨ ਕੀਤਾ। ਹਾਜ਼ਰੀਨ ‘ਚ ਪ੍ਰਸਿਧ ਕਹਾਣੀਕਾਰ ਵਰਿਆਮ ਸਿੰਘ ਸੰਧੂ, ਡਾ. ਜੋਗਿੰਦਰ ਸਿੰਧ ਪੁਆਰ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪ੍ਰੋ. ਹਰਜੀਤ ਬੱਲੀ, ਹਰਮੇਸ਼ ਮਾਲੜੀ, ਕਾਮਰੇਡ ਗੁਰਮੀਤ, ਸੁਰਿੰਦਰ ਕੁਮਾਰੀ ਕੋਛੜ, ਚਿਰੰਜੀ ਲਾਲ ਕੰਗਣੀਵਾਲ, ਰਾਕੇਸ਼ ਆਨੰਦ, ਚਾਨਣ ਰਾਮ ਵਡਾਲਾ, ਰਮੇਸ਼ ਚੌਹਕਾਂ, ਸੁਖਵਿੰਦਰ ਕੋਟਲੀ, ਮੱਖਣ ਮਾਨ, ਕਾਮਰੇਡ ਕੇਸਰ, ਡਾ. ਸੈਲੇਸ਼ ਆਦਿ ਹਾਜ਼ਰ ਸਨ।