ਚੰਡੀਗੜ੍ਹ. ਵਿਸ਼ਵ ਆਬਾਦੀ ਦਿਵਸ ਦੇ ਮੌਕੇ ‘ਤੇ ਪਰਿਵਾਰ ਨਿਯੋਜਨ ਪ੍ਰੋਗਰਾਮ ਤਹਿਤ ਵਧੀਆ ਪ੍ਰਦਰਸ਼ਨ ਕਰਨ ਵਾਲੇ ਜ਼ਿਲ੍ਹਿਆਂ ਨੂੰ ਸਨਮਾਨਿਤ ਕੀਤਾ ਗਿਆ। ਨਲਬੰਦੀ ਵਿੱਚ ਮਾਨਸਾ ਜਿਲ੍ਹਾ ਪਹਿਲੇ ਸਥਾਨ ਤੇ ਰਿਹਾ, ਵੈਸਕਟੋਮੀ ਵਿੱਚ ਜਲੰਧਰ ਅੱਵਲ ਅਤੇ ਮਿੰਨੀ ਲੈਪ ਵਿੱਚ ਅੰਮ੍ਰਿਤਸਰ ਪਹਿਲੇ ਸਥਾਨ ਤੇ ਰਿਹਾ। ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਪਰਿਵਾਰ ਨਿਯੋਜਨ ਦੀਆਂ ਮੁਫਤ ਸੇਵਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ। ਉਨ੍ਹਾਂ ਕਿਹਾ ਕਿ ਵਿਸ਼ਵ ਆਬਾਦੀ ਦਿਵਸ ਦਾ ਇਸ ਸਾਲ ਦਾ ਵਿਸ਼ਾ ਹੈ “ਆਪਦਾ ਦੌਰਾਨ ਪਰਿਵਾਰ ਨਿਯੋਜਨ ਦੀ ਤਿਆਰੀ, ਸਮਰੱਥ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ ”। ਉਨ੍ਹਾਂ ਕਿਹਾ ਕਿ ਕੋਵਿਡ -19 ਜਿਹੀ ਮਹਾਂਮਾਰੀ ਦੌਰਾਨ ਵੀ ਵੱਧ ਰਹੀ ਅਬਾਦੀ ਵਿਚ ਸਥਿਰਤਾ ਲਿਆਉਣ ਲਈ ਬਿਮਾਰੀ ਅਤੇ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਜਰੂਰੀ ਹੈ।
ਮੰਤਰੀ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ ਸਰਕਾਰੀ ਹਸਪਤਾਲਾਂ ਵਿੱਚ ਹੀ ਡਿਲਿਵਰੀ ਕਰਵਾਉਣ ਅਤੇ ਪਰਿਵਾਰ ਨਿਯੋਜਨ ਦੇ ਤਰੀਕਿਆਂ ਨੂੰ ਅਪਣਾ ਕੇ ਆਪਣੇ ਪਰਿਵਾਰ ਨੂੰ ਸੀਮਤ ਰੱਖਣ ਅਤੇ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਹ ਸਾਰੀਆਂ ਸੇਵਾਵਾਂ ਰਾਜ ਸਰਕਾਰ ਦੁਆਰਾ ਮੁਫਤ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਸ ਦੌਰਾਨ ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਪ੍ਰਭਦੀਪ ਕੌਰ ਜੌਹਲ ਨੇ ਦੱਸਿਆ ਕਿ ਇਹ ਵੱਧ ਰਹੀ ਆਬਾਦੀ ਦੀ ਸਮੱਸਿਆ ਨਾਲ ਨਜਿੱਠਣ ਦਾ ਸਮਾਂ ਹੈ, ਪਰਿਵਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਬਾਦੀ ਨੂੰ ਕਾਬੂ ਰੱਖਣ ਅਤੇ ਹੋਰਨਾਂ ਨੂੰ ਵੀ ਪਰਿਵਾਰ ਨਿਯੋਜਨ ਪ੍ਰੋਗਰਾਮ ਸਬੰਧੀ ਜਾਗਰੂਕ ਕਰਕੇ ਇਸੇ ਲਾਭ ਤੋਂ ਜਾਣੂ ਕਰਵਾਉਣ।
ਡਾ. ਜੌਹਲ ਨੇ ਦੱਸਿਆ ਕਿ ਪੰਜਾਬ ਦੇ ਸਕੂਲਾਂ ਵਿੱਚ 5, 10 ਤੇ 16 ਸਾਲ ਉਮਰ ਦੇ ਬੱਚੇ ਲਈ ਟੀਕਾਕਰਨ ਸਕੂਲ ਹੈਲਥ ਟੀਮਾਂ ਵੱਲੋਂ ਕੀਤਾ ਜਾਂਦਾ ਸੀ।ਪਰ ਇਸ ਵਾਰ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਕੂਲ ਬੰਦ ਹੋ ਗਏ ਹਨ ਅਤੇ ਇਹ ਟੀਕਾਕਰਨ ਹੁਣ ਵੱਖ ਵੱਖ ਜਾਗਰੂਕ ਪ੍ਰੋਗਰਾਮਾਂ ਰਾਹੀਂ ਪਿੰਡਾਂ ਵਿੱਚ ਧਾਰਮਿਕ ਸਥਾਨਾਂ ਤੋਂ ਮੁਨਿਆਦੀ ਕਰਕੇ ਬੱਚਿਆਂ ਦਾ ਟੀਕਾਕਰਨ ਕਰਵਾਇਆ ਜਾ ਰਿਹਾ ਹੈ।
ਇਸ ਦੌਰਾਨ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਡਾਇਰੈਕਟਰ ਡਾ. ਪਰਵਿੰਦਰਪਾਲ ਸਿੰਘ ਸਿੱਧੂ ਨੇ ਦੱਸਿਆ ਕਿ ਅੱਜ 11 ਜੁਲਾਈ, 2020 ਨੂੰ ਰਾਜ ਭਰ ਵਿੱਚ ਵਿਸ਼ਵ ਆਬਾਦੀ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਹ ਦਿਵਸ 11 ਜੁਲਾਈ 1989 ਤੋਂ ਮਨਾਇਆ ਜਾ ਰਿਹਾ ਹੈ। ਭਾਰਤ ਦੀ 2011 ਦੀ ਮਰਦਮ ਸ਼ੁਮਾਰੀ ਅਨੁਸਾਰ ਪੰਜਾਬ ਦੀ ਕੁੱਲ ਆਬਾਦੀ 2,77,43,338 (2 ਕਰੋੜ 77 ਲੱਖ 43 ਹਜ਼ਾਰ 338) ਸੀ, ਜੋ ਕਿ ਹੁਣ ਲਗਭਗ 3 ਕਰੋੜ ਤੋਂ ਉਪਰ ਹੋ ਗਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਆਬਾਦੀ ਵਿੱਚ ਸਥਿਰਤਾ ਲਿਆਉਣ ਲਈ ਆਰਥਿਕ ਅਤੇ ਸਮਾਜਿਕ ਵਿਕਾਸ ਵਰਗੇ ਵਿਸ਼ੇ ਨੂੰ ਆਧਾਰ ਮੰਨਿਆ ਜਾਂਦਾ ਹੈ।