ਜਲੰਧਰ . ਐਪੀਡੀਮੋਲੋਜਿਸਟ ਡਾ.ਸਤੀਸ਼ ਕੁਮਾਰ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੇ ਲਾਰਵਾ ਵਿਰੋਧੀ ਸੈਲ ਵਲੋਂ ਸ਼ਹਿਰ ਦੀਆਂ ਵੱਖ-ਵੱਖ 7 ਥਾਵਾਂ ‘ਤੇ ਡੇਂਗੂ ਲਾਰਵਾ ਦੀ ਪਹਿਚਾਣ ਕੀਤੀ ਗਈ।
ਲਾਰਵਾ ਵਿਰੋਧੀ ਟੀਮਾਂ ਵਲੋਂ ਕਬੀਰ ਨਗਰ ਵਿੱਚ 6 ਅਤੇ ਮਾਸਟਰ ਮਹਿੰਗਾ ਸਿੰਘ ਕਲੋਨੀ ਵਿਖੇ ਇਕ ਥਾਂ ‘ਤੇ ਡੇਂਗੂ ਦਾ ਲਾਰਵਾ ਪਾਇਆ ਗਿਆ। ਜਾਂਚ ਦੌਰਾਨ ਟੀਮਾਂ ਵਲੋਂ 159 ਘਰਾਂ ਦਾ ਦੌਰਾ ਕਰਕੇ 61 ਕੂਲਰਾਂ ਅਤੇ 166 ਫਾਲਤੂ ਚੀਜਾਂ ਦੀ ਜਾਂਚ ਕੀਤੀ ਗਈ।
ਲਾਰਵਾ ਵਿਰੋਧੀ ਸੈਲ ਜਿਸ ਵਿੱਚ ਜਸਵਿੰਦਰ ਸਿੰਘ, ਹਰਵਿੰਦਰ ਸਿੰਘ, ਤਰਲੋਚਨ ਰਾਮ, ਸੁਮਿਤ, ਰਾਜ ਕੁਮਾਰ, ਡੇਵਿਡ ਮਸੀਹ, ਸ਼ੇਰ ਸਿੰਘ ਅਤੇ ਰਾਮ ਪ੍ਰਕਾਸ਼ ਸ਼ਾਮਿਲ ਸਨ ਵਲੋਂ ਐਨ.ਆਈ.ਟੀ.,ਕਬੀਰ ਨਗਰ, ਮਾਸਟਰ ਮਹਿੰਗਾ ਸਿੰਘ ਕਲੋਨੀ, ਰਾਮਾ ਮੰਡੀ, ਗੋਲਡਨ ਐਵਿਨਿਊ ਅਤੇ ਹੋਰਨਾਂ ਥਾਵਾਂ ਦੀ ਜਾਂਚ ਕੀਤੀ ਗਈ।
ਇਸ ਮੌਕੇ ਡਾ.ਸਤੀਸ਼ ਕੁਮਾਰ ਨੇ ਲੋਕਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਨ੍ਹਾਂ ਥਾਵਾਂ ‘ਤੇ ਮੱਛਰਾਂ ਵਲੋਂ ਡੇਂਗੂ ਲਾਰਵਾ ਪੈਦਾ ਕੀਤਾ ਜਾਂਦਾ ਹੈ ਜਿਸ ਨਾਲ ਡੇਂਗੂ,ਮਲੇਰੀਆ ਆਦਿ ਵਰਗੀਆਂ ਕਈ ਬਿਮਾਰੀਆਂ ਪੈਦਾ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਜਾਂਚ ਦਾ ਮੁੱਖ ਮੰਤਵ ਡੇਂਗੂ ਲਾਰਵਾ ਦੇ ਪੈਦਾ ਹੋਣ ਵਾਲੇ ਸਥਾਨਾਂ ਦੀ ਪਹਿਚਾਣ ਕਰਨਾ ਹੈ।