ਮਾਤਾ ਰਾਣੀ ਚੌਕ ਨੇੜੇ ਖਾਲੀ ਪਲਾਟ ’ਚ ਖੜ੍ਹੀ ਕਾਰ ’ਚੋਂ ਮਿਲੀ ਸ਼ਰਾਬ, ਮੁਲਜ਼ਮ ਲਾਡੀ ਫਰਾਰ 

0
15

ਜਲੰਧਰ ਦੇ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਤਸਕਰੀ ਖ਼ਿਲਾਫ਼ ਕਾਰਵਾਈ ਕਰਦਿਆਂ ਮਾਤਾ ਰਾਣੀ ਚੌਕ ਨੇੜੇ ਇੱਕ ਕਾਰ ਵਿੱਚੋਂ ਸ਼ਰਾਬ ਦੀਆਂ 15 ਪੇਟੀਆਂ ਬਰਾਮਦ ਕੀਤੀਆਂ ਹਨ। ਪੁਲਿਸ ਦੀ ਰੇਡ ਤੋਂ ਪਹਿਲਾਂ ਹੀ ਮੁੱਖ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਖ਼ਿਲਾਫ਼ ਨਾਮਜ਼ਦ ਮਾਮਲਾ ਦਰਜ ਕਰ ਲਿਆ ਹੈ।

ਮਾਮਲੇ ਦੀ ਜਾਣਕਾਰੀ ਦਿੰਦਿਆਂ ਥਾਣਾ ਭਾਰਗੋ ਕੈਂਪ ਦੇ ਐੱਸਐੱਚਓ ਨੇ ਦੱਸਿਆ ਕਿ ਏਐੱਸਆਈ ਅਸ਼ੋਕ ਕੁਮਾਰ ਪੁਲਿਸ ਪਾਰਟੀ ਸਮੇਤ ਮਾਤਾ ਰਾਣੀ ਚੌਕ ਨੇੜੇ ਮੌਜੂਦ ਸਨ। ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਚੌਕ ਤੋਂ ਕੁਝ ਅੱਗੇ ਇੱਕ ਖਾਲੀ ਪਲਾਟ ਵਿੱਚ ਖੜ੍ਹੀ ਕਾਰ ਨੰਬਰ PB 08-2129 ਵਿੱਚ ਨਾਜਾਇਜ਼ ਸ਼ਰਾਬ ਰੱਖ ਕੇ ਵੇਚੀ ਜਾ ਰਹੀ ਹੈ।

ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਛਾਪੇਮਾਰੀ ਕੀਤੀ, ਪਰ ਪੁਲਿਸ ਦੇ ਆਉਣ ਦੀ ਭਿਣਕ ਲੱਗਦਿਆਂ ਹੀ ਮੁਲਜ਼ਮ ਉੱਥੋਂ ਫਰਾਰ ਹੋ ਗਿਆ। ਕਾਰ ਦੀ ਤਲਾਸ਼ੀ ਲੈਣ ’ਤੇ ਉਸ ਵਿੱਚੋਂ ਨਾਜਾਇਜ਼ ਸ਼ਰਾਬ ਦੀਆਂ ਕੁੱਲ 15 ਪੇਟੀਆਂ ਬਰਾਮਦ ਹੋਈਆਂ। ਇਨ੍ਹਾਂ ਵਿੱਚ ਪੰਜਾਬ ਕਿੰਗ ਵਿਸਕੀ ਅਤੇ ਆਫਿਸਰਜ਼ ਚੁਆਇਸ ਮਾਰਕਾ ਦੀਆਂ ਬੋਤਲਾਂ ਸ਼ਾਮਲ ਸਨ।

ਪੁਲਿਸ ਜਾਂਚ ਮੁਤਾਬਕ ਸ਼ਰਾਬ ਵੇਚਣ ਵਾਲੇ ਮੁਲਜ਼ਮ ਦੀ ਪਛਾਣ ਲਾਡੀ ਪੁੱਤਰ ਘਨਸ਼ਿਆਮ ਵਜੋਂ ਹੋਈ ਹੈ। ਜਿਸ ਕਾਰ ਵਿੱਚੋਂ ਸ਼ਰਾਬ ਬਰਾਮਦ ਹੋਈ ਹੈ, ਉਹ ਵੀ ਲਾਡੀ ਦੇ ਨਾਮ ’ਤੇ ਰਜਿਸਟਰਡ ਦੱਸੀ ਜਾ ਰਹੀ ਹੈ। ਪੁਲਿਸ ਨੇ ਸ਼ਰਾਬ ਅਤੇ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਪਹੁੰਚਾ ਦਿੱਤਾ ਹੈ।

ਐੱਸਐੱਚਓ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿੱਚ ਕਿਸੇ ਹੋਰ ਬੇਕਸੂਰ ਵਿਅਕਤੀ ਨੂੰ ਹਿਰਾਸਤ ਵਿੱਚ ਨਹੀਂ ਲਿਆ ਗਿਆ। ਪੁਲਿਸ ਨੇ ਮੁਲਜ਼ਮ ਲਾਡੀ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਐੱਫਆਈਆਰ ਦਰਜ ਕਰ ਲਈ ਹੈ। ਫਰਾਰ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਨੇ ਉਸ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ।