ਜਲੰਧਰ ਦੀ ਅਦਾਲਤ ‘ਚ ਪੇਸ਼ ਕੀਤੇ ਗਏ ਸਾਬਕਾ ADC ਕੁਲਦੀਪ ਸਿੰਘ, 14 ਦਿਨਾਂ ਲਈ ਨਿਆਂਇਕ ਹਿਰਾਸਤ ‘ਚ ਭੇਜਿਆ

0
14

91.75 ਏਕੜ ਸ਼ਾਮਲਾਤ ਜ਼ਮੀਨ ਦੇ ਮਾਮਲੇ ‘ਚ ED ਨੇ ਖਣਨ ਕਾਰੋਬਾਰੀ ਨਿਪੁਣ ਮਹਾਜਨ ਸਮੇਤ ਕੀਤਾ ਸੀ ਗ੍ਰਿਫ਼ਤਾਰ

ਪੰਜ ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਸਪੈਸ਼ਲ PMLA ਕੋਰਟ ‘ਚ ਹੋਈ ਪੇਸ਼ੀ

ਜਲੰਧਰ: ਪਠਾਨਕੋਟ ਦੇ ਸਾਬਕਾ ADC ਕੁਲਦੀਪ ਸਿੰਘ ਅਤੇ ਖਣਨ ਕਾਰੋਬਾਰੀ ਨਿਪੁਣ ਮਹਾਜਨ ਨੂੰ ਪੰਜ ਦਿਨ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਅੱਜ ਜਲੰਧਰ ਦੀ ਸਪੈਸ਼ਲ PMLA ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਵਿੱਚ ਸੁਣਵਾਈ ਤੋਂ ਬਾਅਦ ਕੁਲਦੀਪ ਸਿੰਘ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਜਲੰਧਰ ਦੀ ਸਪੈਸ਼ਲ PMLA ਅਦਾਲਤ ਵਿੱਚ ਪੇਸ਼ ਕੀਤਾ ਸੀ, ਜਿੱਥੋਂ ਉਨ੍ਹਾਂ ਨੂੰ 16 ਨਵੰਬਰ ਤੱਕ ਰਿਮਾਂਡ ‘ਤੇ ਭੇਜਿਆ ਗਿਆ ਸੀ। ਰਿਮਾਂਡ ਦੀ ਮਿਆਦ ਖ਼ਤਮ ਹੋਣ ਮਗਰੋਂ ਅੱਜ ਮੁੜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਸਾਬਕਾ ADC ਕੁਲਦੀਪ ਸਿੰਘ ਦੇ ਚਿਹਰੇ ‘ਤੇ ਮੁਸਕਰਾਹਟ ਵੀ ਦਿਖਾਈ ਦਿੱਤੀ।

91.75 ਏਕੜ ਸ਼ਾਮਲਾਤ ਜ਼ਮੀਨ ਦੇ ਤਬਾਦਲੇ ਦਾ ਮਾਮਲਾ

ED ਦੀ ਜਾਂਚ ਮੁਤਾਬਕ ਦੋਵਾਂ ‘ਤੇ ਪਠਾਨਕੋਟ ਵਿੱਚ ਕੌਮਾਂਤਰੀ ਸਰਹੱਦ ਨਾਲ ਲੱਗਦੀ ਰਾਵੀ ਦਰਿਆ ਦੀ 91.75 ਏਕੜ ਸ਼ਾਮਲਾਤ ਜ਼ਮੀਨ ਨੂੰ ਕਥਿਤ ਤੌਰ ‘ਤੇ ਗ਼ਲਤ ਤਰੀਕੇ ਨਾਲ ਤਬਦੀਲ ਕਰਨ ਅਤੇ ਉਸ ਤੋਂ ਬਾਅਦ ਉੱਥੇ ਨਾਜਾਇਜ਼ ਮਾਈਨਿੰਗ ਕਰਨ ਦੇ ਦੋਸ਼ ਹਨ।

ਇਸ ਮਾਮਲੇ ਵਿੱਚ ED ਨੇ ਅੰਮ੍ਰਿਤਸਰ ਵਿਜੀਲੈਂਸ ਬਿਊਰੋ ਵੱਲੋਂ 9 ਅਗਸਤ 2023 ਨੂੰ ਦਰਜ ਕੀਤੀ FIR ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ ਸੀ। ED ਮੁਤਾਬਕ ਦੋਵਾਂ ‘ਤੇ 367 ਕਰੋੜ ਰੁਪਏ ਦੇ ਗਬਨ ਦੇ ਦੋਸ਼ ਹਨ। ਜਾਂਚ ਦੌਰਾਨ ਮੁਲਜ਼ਮਾਂ ਦੇ ਖਾਤਿਆਂ ਵਿੱਚੋਂ ਕਰੀਬ ਪੌਣੇ ਦੋ ਕਰੋੜ ਰੁਪਏ ਦੀ ਨਕਦੀ ਮਿਲਣ ਦਾ ਦਾਅਵਾ ਕੀਤਾ ਗਿਆ ਸੀ। ਇਸ ਤੋਂ ਬਾਅਦ ਜਾਂਚ ਏਜੰਸੀ ਨੇ 31 ਬੈਂਕ ਖਾਤੇ ਫ੍ਰੀਜ਼ ਕਰ ਦਿੱਤੇ ਸਨ।