ਫਿਲੌਰ ਨੈਸ਼ਨਲ ਹਾਈਵੇ ’ਤੇ ਇੰਡੋ-ਕੈਨੇਡੀਅਨ ਬੱਸ ਨੇ ਆਲਟੋ ਕਾਰ ਨੂੰ ਮਾਰੀ ਟੱਕਰ, 2 ਵਿਅਕਤੀ ਗੰਭੀਰ ਜ਼ਖ਼ਮੀ

0
5

ਫਿਲੌਰ, 28 ਅਕਤੂਬਰ | ਫਿਲੌਰ ਦੇ ਨੈਸ਼ਨਲ ਹਾਈਵੇ ’ਤੇ ਡੀ.ਐੱਸ. ਢਾਬਾ ਪਿੰਡ ਖਹਿਰਾ ਨੇੜੇ ਇੰਡੋ-ਕੈਨੇਡੀਅਨ ਬੱਸ ਅਤੇ ਆਲਟੋ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਮੌਕੇ ’ਤੇ ਪਹੁੰਚ ਗਈ ਅਤੇ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਫਿਲੌਰ ਪਹੁੰਚਾਇਆ ਗਿਆ। ਇਨ੍ਹਾਂ ਵਿੱਚੋਂ ਇੱਕ ਜ਼ਖ਼ਮੀ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ, ਇੰਡੋ-ਕੈਨੇਡੀਅਨ ਬੱਸ ਨੰਬਰ HR 68 C 289 ਨੇ ਕਾਰ ਨੰਬਰ TO 62 CH PB 99 D ਨੂੰ ਪਿੱਛੋਂ ਟੱਕਰ ਮਾਰ ਦਿੱਤੀ। ਕਾਰ ਸਵਾਰਾਂ ਨੇ ਦੱਸਿਆ ਕਿ ਉਹ ਦਿੱਲੀ ਤੋਂ ਨਿਰੰਕਾਰੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਠਾਨਕੋਟ ਜਾ ਰਹੇ ਸਨ, ਜਦੋਂ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ।

ਦੂਜੇ ਪਾਸੇ, ਬੱਸ ਡਰਾਈਵਰ ਨੇ ਆਪਣਾ ਪੱਖ ਰੱਖਦਿਆਂ ਦੱਸਿਆ ਕਿ ਕਾਰ ਸੜਕ ਦੇ ਨਾਲ-ਨਾਲ ਜਾ ਰਹੀ ਸੀ ਅਤੇ ਅਚਾਨਕ ਕਾਰ ਚਾਲਕ ਵੱਲੋਂ ਬ੍ਰੇਕ ਲਗਾਉਣ ਕਾਰਨ ਬੱਸ ਕਾਰ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ।

ਹਾਦਸੇ ਤੋਂ ਬਾਅਦ ਐਸਐਸਐਫ ਦੀ ਟੀਮ ਨੇ ਨੈਸ਼ਨਲ ਹਾਈਵੇ ਦੇ ਕਰਮਚਾਰੀਆਂ ਦੀ ਮਦਦ ਨਾਲ ਨੁਕਸਾਨੀ ਹੋਈ ਕਾਰ ਨੂੰ ਸੜਕ ਤੋਂ ਪਾਸੇ ਕਰਵਾਇਆ। ਇਸ ਤੋਂ ਇਲਾਵਾ ਸੇਫਟੀ ਕੋਨ ਲਗਾ ਕੇ ਹਾਦਸਾਗ੍ਰਸਤ ਵਾਹਨ ਨੂੰ ਸੁਰੱਖਿਅਤ ਕੀਤਾ ਗਿਆ, ਤਾਂ ਜੋ ਹਾਈਵੇ ’ਤੇ ਆਵਾਜਾਈ ਪ੍ਰਭਾਵਿਤ ਨਾ ਹੋਵੇ ਅਤੇ ਟ੍ਰੈਫਿਕ ਨਿਰਵਿਘਨ ਚੱਲਦਾ ਰਹੇ।

ਇਸ ਦੌਰਾਨ ਨੁਕਸਾਨੀ ਕਾਰ ਵਿੱਚੋਂ 9 ਬੈਗ, ਜਿਨ੍ਹਾਂ ਵਿੱਚ ਸਵਾਰ ਵਿਅਕਤੀਆਂ ਦੇ ਕੱਪੜੇ ਸਨ, ਇੱਕ ਪਰਸ ਵਿੱਚੋਂ 910 ਰੁਪਏ ਨਕਦੀ ਅਤੇ ਕਾਰ ਚਾਲਕ ਦੇ ਜ਼ਰੂਰੀ ਦਸਤਾਵੇਜ਼ ਬਰਾਮਦ ਹੋਏ। ਇਨ੍ਹਾਂ ਦਸਤਾਵੇਜ਼ਾਂ ਵਿੱਚ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ, ਵੋਟਰ ਕਾਰਡ, ਪੈਨ ਕਾਰਡ, ਗੱਡੀ ਦੀ ਆਰਸੀ ਅਤੇ ਏਟੀਐਮ ਕਾਰਡ ਸ਼ਾਮਲ ਸਨ। ਇਹ ਸਾਮਾਨ ਸਵਾਰ ਵਿਅਕਤੀਆਂ ਦੇ ਜਾਣਕਾਰ ਸਤਿਸੰਗੀ ਭਾਈ ਰਜਿੰਦਰ ਨਾਲ ਸਬੰਧਤ ਦੱਸਿਆ ਗਿਆ ਹੈ।