ਜਲੰਧਰ ’ਚ ਦਿਨ-ਦਿਹਾੜੇ ਬਜ਼ੁਰਗ ਨਾਲ ਲੁੱਟ, ਕੁੜੀ ਨੇ ਗੱਲਾਂ ’ਚ ਉਲਝਾਇਆ, ਸਾਥੀ 7,200 ਰੁਪਏ ਲੈ ਕੇ ਫ਼ਰਾਰ

0
21

ਮਹਾਨਗਰ ਦੇ ਬਸਤੀ ਬਾਵਾ ਖੇਲ ਨਹਿਰ ਨੇੜੇ ਦਿਨ-ਦਿਹਾੜੇ ਇੱਕ ਬਜ਼ੁਰਗ ਨਾਲ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਦੇ ਮੁਤਾਬਕ, ਉਹ ਉੱਥੇ ਬੈਠਾ ਹੋਇਆ ਸੀ, ਜਦੋਂ ਇੱਕ ਕੁੜੀ ਉਸ ਕੋਲ ਆਈ ਅਤੇ ਉਸ ਨਾਲ ਗੱਲਾਂ ਕਰਨ ਲੱਗੀ। ਕੁੜੀ ਨੇ ਬਜ਼ੁਰਗ ਨੂੰ ਕਿਹਾ ਕਿ ਉਹ ਉਸ ਨੂੰ ਪਸੰਦ ਕਰਦੀ ਹੈ ਅਤੇ ਫਿਰ ਉਸ ਨਾਲ ਲਿਪਟਣ ਲੱਗੀ। ਇਸੇ ਦੌਰਾਨ ਉੱਥੇ ਦੋ ਨੌਜਵਾਨ ਪਹੁੰਚੇ ਅਤੇ ਬਜ਼ੁਰਗ ਕੋਲੋਂ 7,200 ਰੁਪਏ ਖੋਹ ਕੇ ਫ਼ਰਾਰ ਹੋ ਗਏ। ਘਟਨਾ ਦੌਰਾਨ ਬਜ਼ੁਰਗ ਦੇ ਹੱਥ ’ਤੇ ਸੱਟ ਵੀ ਲੱਗੀ।



ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫੁਟੇਜ ਵਿੱਚ ਕੁੜੀ ਨੂੰ ਬਜ਼ੁਰਗ ਕੋਲ ਆ ਕੇ ਗੱਲਾਂ ਕਰਦਿਆਂ ਦੇਖਿਆ ਜਾ ਸਕਦਾ ਹੈ। ਇਸ ਤੋਂ ਬਾਅਦ ਹੋਰ ਵਿਅਕਤੀ ਵੀ ਉੱਥੇ ਪਹੁੰਚਦੇ ਦਿਖਾਈ ਦਿੰਦੇ ਹਨ। ਪੀੜਤ ਵੱਲੋਂ ਇਸ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ।

ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸ਼ੀਤਲ ਅੰਗੁਰਾਲ ਵੀ ਮੌਕੇ ’ਤੇ ਪਹੁੰਚੇ। ਉਹ ਬਜ਼ੁਰਗ ਨੂੰ ਨਾਲ ਲੈ ਕੇ ਥਾਣੇ ਗਏ ਅਤੇ ਸ਼ਿਕਾਇਤ ਦਰਜ ਕਰਵਾਈ। ਇਸ ਦੌਰਾਨ ਥਾਣਾ ਇੰਚਾਰਜ ਵੱਲੋਂ ਐੱਫਆਈਆਰ ਦਰਜ ਕਰਨ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ।

ਇਸ ਘਟਨਾ ਨੂੰ ਲੈ ਕੇ ਸ਼ੀਤਲ ਅੰਗੁਰਾਲ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ। ਉਨ੍ਹਾਂ ਦੋਸ਼ ਲਾਇਆ ਕਿ ਵੈਸਟ ਹਲਕੇ ਵਿੱਚ ਦਿਨ-ਦਿਹਾੜੇ ਲੁੱਟ ਦੀਆਂ ਵਾਰਦਾਤਾਂ ਹੋ ਰਹੀਆਂ ਹਨ, ਪਰ ਪੁਲਿਸ ਵੀਆਈਪੀ ਡਿਊਟੀਆਂ ਵਿੱਚ ਰੁੱਝੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਅਤੇ ਨਸ਼ਿਆਂ ਤੇ ਅਪਰਾਧਾਂ ਦੇ ਮੁੱਦੇ ’ਤੇ ਸਰਕਾਰ ਦੇ ਆਗੂਆਂ ਨੂੰ ਜਵਾਬ ਦੇਣਾ ਚਾਹੀਦਾ ਹੈ।

ਸ਼ੀਤਲ ਅੰਗੁਰਾਲ ਨੇ ਨਸ਼ਾ ਤਸਕਰੀ ਵਿਰੁੱਧ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਉਹ ਲਗਾਤਾਰ ਇਹ ਮੁੱਦਾ ਚੁੱਕ ਰਹੇ ਹਨ, ਪਰ ਪੁਲਿਸ ਦੀ ਕਾਰਵਾਈ ’ਤੇ ਸਵਾਲ ਬਣੇ ਹੋਏ ਹਨ। ਉਨ੍ਹਾਂ ਇਸ ਮਾਮਲੇ ਵਿੱਚ ਵੀ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।